Site icon TheUnmute.com

ਸਿਹਤ ਮੰਤਰੀ ਜੌੜਾਮਾਜਰਾ ਨੇ 15 ਕਰੋੜ ਦੀ ਲਾਗਤ ਵਾਲੀ ਸਪੈਕਟ-ਸੀ ਟੀ ਅਤੇ ਪੈਟ-ਸੀ ਟੀ ਖਰੀਦਣ ਦੀ ਦਿੱਤੀ ਪ੍ਰਵਾਨਗੀ

SPECT-CT

ਚੰਡੀਗੜ੍ਹ 06 ਅਕਤੂਬਰ 2022: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸੰਭਾਲ ਬੁਨਿਆਦੀ ਢਾਂਚਾ ਸਿਰਜਣ ਦੀ ਵਚਨਬੱਧਤਾ ਦੇ ਤਹਿਤ, ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਹੋਮੀ ਭਾਭਾ ਕੈਂਸਰ ਹਸਪਤਾਲ, ਸੰਗਰੂਰ ਲਈ 15 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਸਿੰਗਲ ਫੋਟੋਨ ਐਮੀਸ਼ਨ ਕੰਪਿਊਟਿਡ ਟੋਮੋਗ੍ਰਾਫੀ (ਸਪੈਕਟ-ਸੀਟੀ) ਅਤੇ ਪੋਜ਼ੀਟਰੋਨ ਐਮੀਸ਼ਨ ਟੋਮੋਗ੍ਰਾਫੀ (ਪੀ.ਈ.ਟੀ.-ਸੀ.ਟੀ.) ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਪੰਜਾਬ ਭਰ ਵਿੱਚ ਅਤਿ-ਆਧੁਨਿਕ ਹੈਲਥ ਕੇਅਰ ਅਤੇ ਡਾਇਗਨੌਸਟਿਕ ਸੁਵਿਧਾਵਾਂ ਬਣਾਉਣ ਅਤੇ ਮੁਹੱਈਆ ਕਰਵਾਉਣ ਦਾ ਪੱਕਾ ਸੰਕਲਪ ਰੱਖਦੀ ਹੈ। ਉਨ੍ਹਾਂ ਕਿਹਾ ਕਿ 100 ਆਮ ਆਦਮੀ ਕਲੀਨਿਕ ਵੀ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ, ਜਿੱਥੇ ਕੋਈ ਵੀ ਵਿਅਕਤੀ ਆਪਣੇ ਘਰ ਦੇ ਆਸ-ਪਾਸ ਸਿਹਤ ਸੇਵਾਵਾਂ ਮੁਫ਼ਤ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਅਜਿਹੇ ਹੋਰ ਕਲੀਨਿਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ।

ਸ. ਜੌੜਾਮਾਜਰਾ ਨੇ ਦੱਸਿਆ ਕਿ ਹੋਮੀ ਭਾਭਾ ਕੈਂਸਰ ਹਸਪਤਾਲ, ਸੰਗਰੂਰ ਲਈ ਏ.ਐਮ.ਸੀ./ਸੀ.ਐਮ.ਸੀ. ਨੂੰ 7.50 ਕਰੋੜ ਰੁਪਏ ਦੀ ਵਾਧੂ ਲਾਗਤ ਨਾਲ ਖਰੀਦਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘’ਇਸ ਤੋਂ ਇਲਾਵਾ, ਸੈੱਸ ਯੋਜਨਾ ਦੀ ਉਗਰਾਹੀ ਲਈ 60 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।’’ ਉਨ੍ਹਾਂ ਦੱਸਿਆ ਕਿ ਸੂਬੇ ਦੇ ਖਜ਼ਾਨੇ ਵਿੱਚੋਂ ਹੁਣ ਤੱਕ 48.75 ਕਰੋੜ ਰੁਪਏ ਕਢਵਾਏ ਜਾ ਚੁੱਕੇ ਹਨ।

Exit mobile version