Dengue disease

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡੇਂਗੂ ਬਿਮਾਰੀ ਖਿਲਾਫ਼ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਮੋਹਾਲੀ, 27 ਸਤੰਬਰ 2024: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੋਹਾਣਾ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੇਰ ਦੀ ਸਭਾ ‘ਚ ਵਿਦਿਆਰਥੀਆਂ ਨੂੰ ਡੇਂਗੂ (Dengue disease), ਚਿਕਨਗੁਨੀਆ ਅਤੇ ਮਲੇਰੀਆ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ | ਸਿਹਤ ਮੰਤਰੀ ਨੇ ਕਿਹਾ ਕਿ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ “ਸ਼ੁੱਕਰਵਾਰ ਡਰਾਈ ਡੇ” ਦੀ ਪਾਲਣਾ ਕਰਨਾ ਅਤਿ ਜ਼ਰੂਰੀ ਹੈ।

ਵਿਦਿਆਰਥੀਆਂ ਨੂੰ ‘ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ’ ਤਹਿਤ ਸਵੇਰ ਦੀ ਸਭਾ ਨੂੰ ਸੰਬੋਧਨ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਆਪਣੇ ਮਾਪਿਆਂ ਨੂੰ ਡਰਾਈ ਡੇ ਦੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਕੇ ਇਸ ਬਿਮਾਰੀ ਦੀ ਰੋਕਥਾਮ ਹੋਰਾਂ ਨਾਲੋਂ ਬਿਹਤਰ ਕਰ ਸਕਦੇ ਹਨ।

ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ‘ਚ ਡੇਂਗੂ (Dengue disease) ਦੇ ਲਾਰਵੇ ਨੂੰ ਨਸ਼ਟ ਕਰਨ ‘ਚ ਆਪਣੇ ਮਾਪਿਆਂ ਦੀ ਸਹਾਇਤਾ ਜਰੂਰ ਕਰਨ | ਉਨ੍ਹਾਂ ਕਿਹਾ ਕਿ ਘਰਾਂ ‘ਚ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਫੁੱਲਾਂ ਦੇ ਗਮਲਿਆਂ ਅਤੇ ਹੋਰ ਬਰਤਨਾਂ ਆਦਿ ਨੂੰ ਹਫਤੇ ‘ਚ ਇੱਕ ਵਾਰ ਸ਼ੁੱਕਰਵਾਰ ਨੂੰ ਖੜ੍ਹੇ ਪਾਣੀ ਨੂੰ ਸਾਫ਼ ਕਰਕੇ ਡੇਂਗੂ ਦੇ ਲਾਰਵੇ ਨੂੰ ਨਸ਼ਟ ਜਰੂਰ ਕਰਨ | ਉਨ੍ਹਾਂ ਨੇ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਨੂੰ ਵੀ ਡੇਂਗੂ ਦੇ ਲਾਰਵੇ ਬਾਰੇ ਵੀ ਜਾਣੂ ਕਰਵਾਇਆ।

ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੇ ਦਿਮਾਗ਼ ਨੂੰ ਤਰੋ-ਤਾਜ਼ਾ ਰੱਖਣ ਲਈ ਮੈਡੀਟੇਸ਼ਨ ਅਭਿਆਸ ਕਰਨ ਦੀ ਅਪੀਲ ਕੀਤੀ। ਇਸਦੇ ਨਾਲ ਹੀ ਮੋਬਾਈਲਾਂ ਦੀ ਜ਼ਿਆਦਾ ਵਰਤੋਂ ਤੋਂ ਬਚਣ ਲਈ ਵੀ ਕਿਹਾ |

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਸਕੂਲਾਂ ‘ਚ 8ਵੀਂ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਸਿਹਤ ਸਿੱਖਿਆ, ਫਸਟ ਏਡ, ਲਾਈਫ ਸਕਿੱਲਜ਼, ਨਿੱਜੀ ਸਫਾਈ ਅਤੇ ਨੱਕ ਤੋਂ ਖੂਨ ਵਗਣ ਸਬੰਧੀ ਦਿੱਕਤਾਂ ਸੰਬੰਧੀ ਜਾਗਰੂਕ ਕਰੇਗਾ ਤਾਂ ਜੋ ਉਹ ਦੂਜਿਆਂ ਦੀ ਮੱਦਦ ਕਰਨ ਦੇ ਨਾਲ-ਨਾਲ ਸਿਹਤ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਆਪਣੇ ਤੌਰ ‘ਤੇ ਹੱਲ ਕੀਤਾ ਜਾ ਸਕੇ |

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੇਂਗੂ ਦੇ ਮਰੀਜ਼ਾਂ ਦੀ ਦੇਖਭਾਲ ਲਈ ਬਲੱਡ ਬੈਂਕ, ਬਲੱਡ ਕੰਪੋਨੈਂਟ ਅਤੇ ਬੈੱਡਾਂ ਦੇ ਪ੍ਰਬੰਧ ਕੀਤੇ ਗਏ ਹਨ, ਪਰ ਬਚਾਅ ਹੀ ਸਭ ਤੋਂ ਵਧੀਆ ਇਲਾਜ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਲਾਰਵੇ ਕਾਰਨ ਗੰਭੀਰ ਡੇਂਗੂ ਬੁਖਾਰ ਘਾਤਕ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਆਲੇ-ਦੁਆਲੇ ਦੇ ਵਸਨੀਕਾਂ ਨੂੰ ਵੀ ਚਾਹੀਦਾ ਹੈ ਕਿ ਡੇਂਗੂ ਦੇ ਲਾਰਵੇ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ | ਵਸਨੀਕ ਆਪਣੇ ਆਲੇ-ਦੁਆਲੇ ਦੀ ਸਾਫ ਸਫਾਈ ਰੱਖਣ | ਉਨ੍ਹਾਂ ਨੇ ਸਕੂਲ ਦੇ ਆਲੇ-ਦੁਆਲੇ ਸਲੱਮ ਖੇਤਰ ਦੇ ਕਈ ਘਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ।

ਸਿਹਤ ਮੰਤਰੀ ਨੇ ਏ.ਡੀ.ਸੀ (ਯੂ.ਡੀ.) ਦਮਨਜੀਤ ਸਿੰਘ ਮਾਨ ਨੂੰ ਪਿੰਡ ਦੇ ਛੱਪੜ ਦਾ ਨਵੀਨੀਕਰਣ ਕਰਕੇ ਇਸ ਨੂੰ ਫਿਟਨੈਸ ਸੈਂਟਰ ਵਜੋਂ ਵਿਕਸਤ ਕਰਨ ਅਤੇ ਆਲੇ-ਦੁਆਲੇ ਵਾਕਿੰਗ ਟਰੈਕ ਬਣਾਉਣ ਲਈ ਕਿਹਾ ਹੈ |

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ‘ਚ ਇਸ ਵਾਰ ਡੇਂਗੂ (Dengue disease) ਦੇ ਮਰੀਜ਼ਾਂ ਦੀ ਗਿਣਤੀ 264 ਹੈ | ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਮੋਹਾਲੀ ਵਾਸੀਆਂ ਨੂੰ ਜਾਗਰੂਕ ਕਰਨ ਲਈ ਕੀਤੇ ਵੱਖ-ਵੱਖ ਉਪਰਾਲਿਆਂ ਅਤੇ ਸਾਵਧਾਨੀਆਂ ਕਾਰਨ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਡੇਂਗੂ ਦੇ ਲਾਰਵੇ ਦੀ ਰੋਕਥਾਮ ਲਈ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਧਿਆਨ ਰੱਖਣ ‘ਤੇ ਜ਼ੋਰ ਦਿੱਤਾ ਹੈ ।

Scroll to Top