Punjab news

ਸਿਹਤ ਮੰਤਰੀ ਨੇ ਡਾ. ਬਲਬੀਰ ਸਿੰਘ ਨੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਅਹੁਦੇ ਦੀ ਚੁਕਾਈ ਸਹੁੰ

ਪਟਿਆਲਾ, 27 ਫਰਵਰੀ 2027: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਦੇ 23 ਅਤੇ 10 ਬਲਾਕ ਸੰਮਤੀਆਂ ਦੇ 184 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਡਾ. ਬਲਬੀਰ ਸਿੰਘ ਦੇ ਨਾਲ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ ਤੇ ਗੁਰਲਾਲ ਘਨੌਰ ਸਮੇਤ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਅਤੇ ਏ.ਡੀ.ਸੀ. ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ।

ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਹੋਏ ਸਮਾਗਮ ਮੌਕੇ ਡਾ. ਬਲਬੀਰ ਸਿੰਘ ਨੇ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਸਾਰੇ ਮੈਂਬਰ, ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ ਉਨ੍ਹਾਂ ਲਈ ਹੁਣ ਪਾਰਟੀਬਾਜੀ ਤੋਂ ਉੱਪਰ ਉਠ ਕੇ ਪਿੰਡਾਂ ਦਾ ਵਿਕਾਸ ਤਰਜੀਹ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ 73ਵੀਂ ਸੋਧ ਨਾਲ ਮਿਲੀ ਤਾਕਤ ਸਦਕਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਕੋਲ 30 ਫੀਸਦੀ ਵਿਕਾਸ ਦੇ ਫੰਡ ਆਉਂਦੇ ਹਨ, ਜਿਸ ਲਈ ਕੋਈ ਵੀ ਮੈਂਬਰ ਆਪਣੇ ਪਿੰਡਾਂ ਦੇ ਵਿਕਾਸ ਲਈ ਤਜਵੀਜ਼ ਲੈ ਕੇ ਆਵੇਗਾ | ਉਸ ਕਿਹਾ ਕਿ ਮਾਨ ਸਰਕਾਰ ਵੱਲੋਂ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ।

ਸਿਹਤ ਮੰਤਰੀ ਨੇ ਕਹਿਣਾ ਹੈ ਕਿ ਸੂਬੇ ਦੇ 2500 ਹੋਰ ਪਿੰਡਾਂ ‘ਚ ਡਾਕਟਰ ਤੇ ਦਵਾਈਆਂ ਭੇਜੀਆਂ ਜਾਣ, ਜਿਸ ਲਈ ਇਨ੍ਹਾਂ ਪਿੰਡਾਂ ਦੀ ਚੋਣ ਕਰ ਲਈ ਹੈ, ਜਦਕਿ ਸਰਕਾਰ ਨੇ ਸੂਬੇ ਦੇ 65 ਲੱਖ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਪਹਿਲਾਂ ਹੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਕਣਕ ਦੇ ਨਾਲ ਚੀਨੀ, ਹਲਦੀ, ਤੇਲ ਤੇ ਦਾਲਾਂ ਵੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਚਲਾ ਕੇ ਚੀਨੀ ਵੀ ਪੰਜਾਬ ‘ਚ ਪੈਦਾ ਕੀਤੀ ਜਾਵੇਗੀ ਤੇ ਦਾਲਾਂ ਤੇ ਤੇਲ ਬੀਜਾਂ ਦੀ ਪੈਦਾਵਾਰ ਵੀ ਸੂਬੇ ‘ਚ ਹੀ ਵਧਾਈ ਜਾਵੇਗੀ।

ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਗੁਰਲਾਲ ਘਨੌਰ, ਗੁਰਦੇਵ ਸਿੰਘ ਦੇਵ ਮਾਨ ਤੇ ਰਣਜੋਧ ਸਿੰਘ ਹਡਾਣਾ ਨੇ ਵੀ ਸਾਰੇ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਾਰੇ ਹਲਕਿਆਂ ਤੇ ਪਿੰਡਾਂ ਸ਼ਹਿਰਾਂ ਦਾ ਬਿਨ੍ਹਾਂ ਵਿਤਕਰੇ ਤੋਂ ਵਿਕਾਸ ਕਰ ਰਹੀ ਹੈ |

ਇਸ ਮੌਕੇ ਏ.ਡੀ.ਸੀ. ਦਮਨਜੀਤ ਸਿੰਘ ਮਾਨ ਨੇ ਸਵਾਗਤ ਕਰਦੇ ਹੋਏ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਮੈਂਬਰਾਂ ਨੂੰ ਹਰ ਪੱਖੋਂ ਸਹਿਯੋਗ ਕਰੇਗਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ, ਚੇਅਰਮੈਨ ਬਲਾਕ ਸੰਮਤੀ ਸਮਾਣਾ ਬਲਕਾਰ ਸਿੰਘ ਗੱਜੂਮਾਜਰਾ, ਜ਼ਿਲ੍ਹਾ ਪਰਿਸ਼ਦ ਦੇ ਡਿਪਟੀ ਸੀਈਓ ਅਮਨਦੀਪ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਹਿੰਦਰਜੀਤ ਸਿੰਘ ਸਮੇਤ ਸਾਰੇ ਬੀ.ਡੀ.ਪੀ.ਓਜ ਤੇ ਹੋਰ ਹਾਜ਼ਰ ਰਹੇ।

Read More: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੀਜ ਪ੍ਰਮਾਣੀਕਰਣ ਅਧਿਕਾਰੀਆਂ ਨੂੰ 40 ਟੈਬਲੇਟ ਸੌਂਪੇ

ਵਿਦੇਸ਼

Scroll to Top