ਚੰਡੀਗੜ੍ਹ ,7 ਅਗਸਤ 2021 : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪਿੰਡ ਦਾਊਂ ਵਿਖੇ ਪੁੱਜੇ ,ਜਿੱਥੇ ਉਹਨਾਂ ਦਾ ਸਾਬਕਾ ਅਕਾਲੀ ਸਰਪੰਚ ਅਵਤਾਰ ਸਿੰਘ ਗੋਸਲ ਦੀ ਅਗਵਾਈ ਹੇਠ ਕਿਸਾਨੀ ਝੰਡਿਆਂ ਨਾਲ ਵਿਰੋਧ ਕੀਤਾ ਗਿਆ |ਜਿਸ ਨੂੰ ਲੈ ਕੇ ਬਲਬੀਰ ਸਿੰਘ ਸਿੱਧੂ ਨੇ ਕਿਸਾਨਾਂ ਦੇ ਵਿਰੋਧ ਨੂੰ ਬੇਲੋੜਾ ਦੱਸਿਆ ਤੇ ਕਿਹਾ ਕਿ ਉਹ ਖੁਦ ਵੀ ਕਿਸਾਨ ਸਨ ,ਤੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਵੀ ਕਰ ਰਹੇ ਹਨ | ਪਰ ਇਹ ਵਿਰੋਧ ਕਰ ਰਹੇ ਕਿਸਾਨ ,ਕਿਸਾਨ ਨਹੀਂ ਸਨ ,ਇਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਖਾਵਾ ਕਰ ਰਹੇ ਹਨ |
ਪਿੰਡ ਦਾਊਂ ਪੁੱਜ ਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਰਾਂਟਾਂ ਤੇ ਵਾਅਦਿਆਂ ਦੀ ਝੜੀ ਲਗਾ ਦਿੱਤੀ ,ਇਸ ਮੌਕੇ ਉਹਨਾਂ ਨੇ ਖਿਡਾਰੀਆਂ ਲਈ ਪੰਚਾਇਤੀ ਜਮੀਨ ‘ਚੋ ਸਟੇਡੀਅਮ ਤੇ ਦਲਿਤ ਅਤੇ ਸਾਰੇ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਵੀ ਅਲਾਟ ਕੀਤੇ,ਜਿਸ ਲਈ ਗਮਾਡਾ ਤੋਂ ਨਕਸ਼ਾ ਬਣਵਾ ਕੇ ਲੈਸ ਕਾਲੌਨੀ ਦੀ ਉਸਾਰੀ ਕੀਤੀ ਜਾਵੇਗੀ |ਉਹਨਾਂ ਨੇ ਜਨਰਲ ਸ਼ਮਸਾਨ ਘਾਟ ਲਈ 2 ਲੱਖ 50 ਹਜ਼ਾਰ, ਐਸ.ਸੀ ਸ਼ਮਸਾਨ ਘਾਟ ਲਈ 3 ਲੱਖ, ਪਿੰਡ ਰਾਮਗੜ ਦੀ ਸ਼ਮਸਾਨ ਘਾਟ ਲਈ 5 ਲੱਖ ਅਤੇ ਮੁਸਲਮਾਨ ਭਾਈਚਾਰੇ ਦੇ ਕਬਰਸਤਾਨ ਲਈ 7 ਲੱਖ ਦੀ ਗਰਾਂਟ ਦਾ ਚੈੱਕ ਪੰਚਾਇਤ ਨੂੰ ਸੌਪਿਆ |
ਉਹਨਾਂ ਕਿਹਾ ਕਿ ਪਿੰਡ ਦਾਊਂ ਤੋਂ ਲੈਕੇ ਪਿੰਡ ਝਾਂਮਪੁਰ ਤੱਕ ਦੀ ਰੋਡ ਨੂੰ 18 ਫੁਟ ਚੋੜੀ ਬਣਾਉਣ ਦਾ ਦਾਅਵਾ ਕੀਤਾ | ਸਿੱਧੂ ਨੇ ਪਿੰਡ ਵਾਸੀਆ ਨੂੰ ਕਿਹਾ ਕਿ ਜੇਕਰ ਕਿਸੇ ਵੀ ਬੀਮਾ ,ਕਿਰਤੀ ਜਾਂ ਰਾਸ਼ਨ ਕਾਰਡ ਨਹੀਂ ਬਣਿਆ ਤਾਂ ਉਹ ਤੁਰੰਤ ਇੰਸਪੈਕਟਰ ਨਾਲ ਸੰਪਰਕ ਕਰਨ ,ਜਲਦ ਹੀ ਉਹਨਾਂ ਦੇ ਕਾਰਡ ਬਣਵਾ ਕੇ ਦਿੱਤੇ ਜਾਣਗੇ |ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਪਿੰਡ ਨੂੰ ਨਗਰ ਨਿਗਮ ਵਿੱਚ ਸ਼ਾਮਲ ਕੀਤਾ ਜਾਵੇਗਾ ਜਾਂ ਨਜ਼ਾਇਜ ਕਲੋਨੀਆਂ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਦੇ ਸਬੰਧੀ ਪੁੱਛੇ ਗਏ ਸਵਾਲ ਤੇ ਸਿੱਧੂ ਨੇ ਕਿਹਾ ਕਿ ਅਜੇ ਅਜਿਹਾ ਕੋਈ ਪ੍ਰਪੋਜ਼ਲ ਜਾਰੀ ਨਹੀਂ ਕੀਤਾ ਗਿਆ ਇਸ ਦੀ ਚੰਗੀ ਤਰਾਂ ਪੜਤਾਲ ਕੀਤੀ ਜਾਵੇਗੀ |
ਇਸ ਮੌਕੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾਂ, ਪਿੰਡ ਦੇ ਸਰਪੰਚ ਅਜਮੇਰ ਸਿੰਘ, ਮੈਂਬਰ ਪੰਚਾਇਤ ਚਰਨਜੀਤ ਸਿੰਘ, ਤਜਿੰਦਰ ਕੌਰ, ਸਲੀਮ ਖਾਨ, ਪ੍ਰਮੋਦ ਕੁਮਾਰ, ਗੁਰਮੀਤ ਸਿੰਘ, ਜਸਵੰਤ ਸਿੰਘ, ਸਾਬਕਾ ਪੰਚ ਭਾਗ ਸਿੰਘ ਤੇ ਗਿਆਨ ਸਿੰਘ, ਜੱਸਾ ਰਾਏਪੁਰ, ਨਰੇਸ਼ ਨੇਸ਼ੀ ਅਤੇ ਨੰਬਰਦਾਰ ਮਾਸਟਰ ਹਰਬੰਸ ਸਿੰਘ ਆਦਿ ਹਾਜ਼ਰ ਸਨ। ਬਲਬੀਰ ਸਿੱਧੂ ਨੇ ਕਿਹਾ ਕਿ ਦਾਊਂ ਪਿੰਡ ਆਮ ਪਿੰਡ ਨਹੀਂ ਹੈ ,ਇੱਥੇ ਬਾਬਾ ਖੜਕ ਸਿੰਘ ਦਾ ਡੇਰਾ ਹੈ ,ਜਿੱਥੇ ਪਰਿਵਾਰ ਆਪਣੀਆਂ ਖੁਸ਼ੀਆਂ ਲਈ ਨਤਮਸਤਕ ਹੁੰਦੇ ਹਨ |