ਖਰੜ/ ਐਸ.ਏ.ਐਸ.ਨਗਰ, 26 ਸਤੰਬਰ 2023: ਸਿਹਤ ਤੇਂ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਆਯੁਸ਼ਮਾਨ ਭਵ ਮੁਹਿੰਮ ਤਹਿਤ ਬਲਾਕ ਪੀ.ਐਚ.ਸੀ. ਘੜੂੰਆਂ ਵਿਖੇ ਸਿਹਤ ਮੇਲਾ (Health fair) ਲਗਾਇਆ ਗਿਆ। ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ, ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਲੈਬਾਰਟਰੀ ਟੈਸਟ ਵੀ ਕੀਤੇ ਗਏ।
ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਆਯੁਸ਼ਮਾਨ ਭਵ ਤਹਿਤ ਸਿਹਤ ਕੇਂਦਰਾਂ ਅਤੇ ਹੈਲਥ ਵੈਲਨੈਸ ਸੈਂਟਰਾਂ ਵਿਖੇ ਸਿਹਤ ਮੇਲੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚ ਮਰੀਜ਼ਾਂ ਦੀ ਸਿਹਤ ਜਾਂਚ ਦੇ ਨਾਲ-ਨਾਲ ਹਰੇਕ ਪਿੰਡ ਤੇ ਕਸਬੇ ਤੱਕ ਵਿਆਪਕ ਸਿਹਤ ਦੇਖਭਾਲ ਕਵਰੇਜ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਡਾ. ਮਨਮੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਰਾਹੁਲ ਕੌੜਾ ਤੇ ਡਾ. ਨੀਰੂ ਸੇਠੀ ਵਲੋਂ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਲੋਕਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸ ਸਬੰਧੀ ਉਨ੍ਹਾਂ ਨੂੰ ਸਹੁੰ ਚੁਕਾਈ ਗਈ। ਡਿਜੀਟਲ ਮਿਸ਼ਨ ਤਹਿਤ ਸਿਹਤ ਰਿਕਾਰਡ ਲਈ ਆਭਾ ਆਈ.ਡੀ. ਬਣਾਈਆਂ ਗਈਆਂ। ‘ਆਯੁਸ਼ਮਾਨ ਆਪ ਕੇ ਦੁਆਰ’ ਤਹਿਤ ਰਜਿਸਟਰਡ ਯੋਗ ਲਾਭਪਾਤਰੀ ਜਿਨ੍ਹਾਂ ਦੇ ਆਯੂਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਨਹੀਂ ਬਣੇ, ਆਸ਼ਾ ਵਰਕਰਾਂ ਵਲੋਂ ਘਰ ਘਰ ਜਾ ਕੇ ਉਨਾਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣਗੇ।
ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਸਿਹਤ ਮੇਲੇ (Health fair) ਦੌਰਾਨ ਮਾਸ ਐਜੂਕੇਸ਼ਨ ਤੇ ਮੀਡੀਆ ਵਿੰਗ ਵਲੋਂ ਸ਼ੂਗਰ. ਬੀ.ਪੀ., ਕੈਂਸਰ ਆਦਿ ਤੋਂ ਬਚਾਅ ਅਤੇ ਮਲੇਰੀਆ, ਡੇਂਗੂ, ਟੀ.ਬੀ, ਪੀਲੀਆ, ਲੈਪਰੋਸੀ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ। ਜੱਚਾ-ਬੱਚਾ ਦੀ ਸਿਹਤ ਤੇ ਪੌਸ਼ਟਿਕ ਖੁਰਾਕ, ਮੋਟੇ ਅਨਾਜ ਦੇ ਲਾਭ ਬਾਰੇ ਵੀ ਜਾਗਰੂਕ ਕੀਤਾ ਗਿਆ। ਸਰਸਵਤੀ ਨਰਸਿੰਗ ਕਾਲਜ ਘੜੂੰਆਂ ਦੇ ਵਿਦਿਆਰਥੀਆਂ ਨੇ ਸਿਹਤ ਜਾਗਰੂਕਤਾ ਸਬੰਧੀ ਵੱਖ-ਵੱਖ ਵਿਸ਼ਿਆਂ ਉਤੇ ਲੋਕਾਂ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਸਟਾਫ ਨਰਸ ਰਿਸ਼ਮਜੀਤ ਕੌਰ, ਨਿਰਭੈ ਕੌਰ, ਮਲਟੀਪਰਪਜ਼ ਸੁਪਰਵਾਈਜ਼ਰ ਕ੍ਰਿਸ਼ਨਾ ਰਾਣੀ ਤੇ ਸੁਖਵਿੰਦਰ ਸਿੰਘ ਕੰਗ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਵੀ ਮੌਜੂਦ ਸਨ।