July 4, 2024 11:30 pm
Malaria

ਮਲੇਰੀਆਂ ਅਤੇ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕਰੇ ਸਿਹਤ ਵਿਭਾਗ: ਡਾ. ਸੇਨੂੰ ਦੁੱਗਲ

ਫਾਜ਼ਿਲਕਾ 22 ਮਈ 2024: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਜ਼ਿਲ੍ਹੇ ਵਿੱਚ ਡੇਂਗੂ ਅਤੇ ਮਲੇਰੀਆ (Malaria) ਦੀ ਰੋਕਥਾਮ ਦੇ ਮੱਦੇ ਨਜ਼ਰ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਪ੍ਰਤੀ ਪੂਰੀ ਜਾਣਕਾਰੀ ਰੱਖਣ ਅਤੇ ਆਪਣੇ ਇਲਾਕੇ ਵਿੱਚ ਡੇਂਗੂ ਅਤੇ ਮਲੇਰੀਏ ਦੇ ਮੱਛਰ ਪੈਦਾ ਹੋਣ ਤੋਂ ਰੋਕਣ।

ਉਹਨਾਂ ਨੇ ਕਿਹਾ ਕਿ ਨੋਟੀਫਿਕੇਸ਼ਨ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੇਂਗੂ ਮਲੇਰੀਏ (Malaria) ਦੀ ਸੈਂਪਲਿੰਗ ਕਰਨ, ਵੱਖ ਵੱਖ ਥਾਵਾਂ ਦੀ ਚੈਕਿੰਗ ਕਰਨ ਅਤੇ ਹੋਰ ਸੂਚਨਾਵਾਂ ਇਕੱਤਰ ਕਰਨ ਲਈ ਅਧਿਕਾਰਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਨਗਰ ਕੌਂਸਲਾਂ ਨਗਰ ਨਿਗਮਾਂ ਨੂੰ ਵੀ ਪਾਬੰਦ ਕੀਤਾ ਗਿਆ ਹੈ ਕਿ ਜੇਕਰ ਕਿਤੋਂ ਡੇਂਗੂ ਦਾ ਲਾਰਵਾ ਮਿਲੇ ਤਾਂ ਉਹ ਚਲਾਣ ਕਰ ਸਕਦੇ ਹਨ।

ਉਹਨਾਂ ਨੇ ਸਿਹਤ ਵਿਭਾਗ ਨੂੰ ਤਾਕੀਦ ਕੀਤੀ ਹੈ ਕਿ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਲੋਕਾਂ ਨੂੰ ਡੇਂਗੂ ਦੇ ਮਾੜੇ ਪ੍ਰਭਾਵ, ਇਸ ਦੇ ਫੈਲਣ ਦੇ ਕਾਰਨ, ਇਸ ਦੇ ਲੱਛਣ ਅਤੇ ਇਲਾਜ ਦੀ ਜਾਣਕਾਰੀ ਦਿੱਤੀ ਜਾਵੇ। ਉਨਾਂ ਆਖਿਆ ਕਿ ਇਸ ਸਬੰਧੀ ਸਮੁੱਚੀ ਰੂਪ ਰੇਖਾ ਸਿਹਤ ਵਿਭਾਗ ਵੱਲੋਂ ਤਿਆਰ ਕੀਤੀ ਜਾ ਰਹੀ ਹੈ।