ਚੰਡੀਗੜ੍ਹ, 23 ਅਕਤੂਬਰ 2024: (IND vs NZ 2nd Test) ਭਾਰਤ ਨੂੰ ਨਿਊਜ਼ੀਲੈਂਡ ਖ਼ਿਲਾਫ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੋਵਾਂ ਟੀਮਾਂ ਵਿਚਾਲੇ ਦੂਜਾ ਟੈਸਟ ਮੈਚ ਵੀਰਵਾਰ ਤੋਂ ਪੁਣੇ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਖ਼ਰਾਬ ਫਾਰਮ ‘ਚ ਚੱਲ ਰਹੇ ਕੇਐੱਲ ਰਾਹੁਲ (KL Rahul) ਦਾ ਸਮਰਥਨ ਕੀਤਾ ਹੈ।
ਗੌਤਮ ਗੰਭੀਰ (Gautam Gambhir) ਨੂੰ ਇਹ ਪੁੱਛੇ ਜਾਣ ‘ਤੇ ਕਿ ਕੇਐੱਲ ਰਾਹੁਲ ਨੂੰ ਟੀਮ ‘ਚ ਜਗ੍ਹਾ ਮਿਲੇਗੀ ਜਾਂ ਨਹੀਂ, ਗੰਭੀਰ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਕਿਹਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੋਸ਼ਲ ਮੀਡੀਆ ‘ਤੇ ਕੀ ਚੱਲ ਰਿਹਾ ਹੈ।
ਗੰਭੀਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਹੋ ਰਹੀ ਆਲੋਚਨਾ ਤੋਂ ਜ਼ਿਆਦਾ ਟੀਮ ਪ੍ਰਬੰਧਨ ਦੀ ਰਾਏ ਮਾਇਨੇ ਰੱਖਦੀ ਹੈ। ਨਿਊਜ਼ੀਲੈਂਡ ਖ਼ਿਲਾਫ ਬੈਂਗਲੁਰੂ ‘ਚ ਖੇਡੇ ਪਹਿਲੇ ਟੈਸਟ ਮੈਚ ‘ਚ ਕੇਐੱਲ ਰਾਹੁਲ ਦਾ ਬੱਲਾ ਨਹੀਂ ਚੱਲ ਸਕਿਆ, ਜਿਸ ਕਾਰਨ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਜਿਕਰਯੋਗ ਹੈ ਕਿ ਰਾਹੁਲ (KL Rahul) ਪਹਿਲੀ ਪਾਰੀ ‘ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਜਦਕਿ ਦੂਜੀ ਪਾਰੀ ‘ਚ ਉਨ੍ਹਾਂ ਨੇ 12 ਦੌੜਾਂ ਬਣਾਈਆਂ।
ਗੌਤਮ ਗੰਭੀਰ ਦਾ ਕਹਿਣਾ ਹੈ ਕਿ ਟੀਮ ਪ੍ਰਬੰਧਨ ਅਤੇ ਲੀਡਰਸ਼ਿਪ ਗਰੁੱਪ ਕੀ ਸੋਚਦਾ ਹੈ ਇਹ ਮਹੱਤਵਪੂਰਨ ਹੈ। ਕੇਐੱਲ ਰਾਹੁਲ ਚੰਗੀ ਬੱਲੇਬਾਜ਼ੀ ਕਰ ਰਹੇ ਹਨ ਅਤੇ ਮੁਸ਼ਕਿਲ ਪਿੱਚ ‘ਤੇ ਬੰਗਲਾਦੇਸ਼ ਦੇ ਖ਼ਿਲਾਫ ਕਾਨਪੁਰ ਟੈਸਟ ‘ਚ ਸ਼ਾਨਦਾਰ ਪਾਰੀ ਖੇਡੀ।
ਇਸਦੇ ਨਾਲ ਹੀ ਗੰਭੀਰ ਨੇ ਕਿਹਾ, ਮੈਨੂੰ ਯਕੀਨ ਹੈ ਕਿ ਰਾਹੁਲ ਜਾਣਦੇ ਹਨ ਕਿ ਉਨ੍ਹਾਂ ਨੇ ਵੱਡਾ ਸਕੋਰ ਕਰਨਾ ਹੈ ਅਤੇ ਉਨ੍ਹਾਂ ‘ਚ ਅਜਿਹਾ ਕਰਨ ਦੀ ਸਮਰੱਥਾ ਹੈ। ਇਸ ਲਈ ਰਾਹੁਲ ਨੂੰ ਭਾਰਤੀ ਟੀਮ ਦਾ ਸਮਰਥਨ ਹਾਸਲ ਹੈ।