ਮੈਲਬੋਰਨ, 29 ਅਪ੍ਰੈਲ 2024: ਵਿਦੇਸ਼ ਦੀਆਂ ਕ੍ਰਿਕਟ ਟੀਮਾਂ ‘ਚ ਪੰਜਾਬ ਦੇ ਨੌਜਵਾਨ ਨੇ ਜਗ੍ਹਾ ਬਣਾ ਕੇ ਭਾਰਤ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ, ਓਥੇ ਹੀ ਖਿਡਾਰੀਆਂ ਦੇ ਮਾਪਿਆਂ ਲਈ ਵੀ ਮਾਣ ਦੀ ਗੱਲ ਹੁੰਦੀ ਹੈ | ਇਸਦੇ ਨਾਲ ਹੀ 3 ਸਾਲ ਦੀ ਉਮਰ ਵਿੱਚ ਮਾਪਿਆਂ ਨਾਲ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਪੁੱਜੀ ਹਸਰਤ ਗਿੱਲ (Hasrat Gill) ਦੀ ਕ੍ਰਿਕਟ ਪ੍ਰਤੀ ਲਗਨ ਅਤੇ ਹੁਨਰ ਨੂੰ ਕੋਚ ਨੇ 11 ਸਾਲ ਦੀ ਉਮਰ ਵਿੱਚ ਹੀ ਪਛਾਣ ਲਿਆ ਸੀ |
ਹਸਰਤ ਗਿੱਲ ਨੇ ਰੋਜਾਨਾ ਘੰਟਿਆਂ ਬੱਧੀ ਮੈਲਬੋਰਨ ਦੇ ਇੰਡੋਰ ਟ੍ਰੈਨਿੰਗ ਸੈਂਟਰ ਦੇ ਨੈੱਟ ‘ਤੇ ਮਿਹਨਤ ਕਰਨੀ ਤੇ ਆਖਿਰਕਾਰ ਬੀਤੇ ਮਹੀਨੇ ਹੋਈ ਸ਼੍ਰੀਲੰਕਾ ਦੀ ਸੀਰੀਜ਼ ਵਿੱਚ ਉਸਦੀ ਮਿਹਨਤ ਨੂੰ ਬੂਰ ਪਿਆ, ਜਦੋਂ ਉਸਨੂੰ ਅੰਡਰ-19 ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਸੀਰੀਜ਼ ਵਿੱਚ ਹਸਰਤ ਨੇ ਚੰਗਾ ਪ੍ਰਦਰਸ਼ਨ ਕੀਤਾ।
ਇੰਗਲੈਂਡ ਵਿਰੁੱਧ ਖੇਡਦਿਆਂ ਹਸਰਤ ਗਿੱਲ (Hasrat Gill) ਨੇ ਬੱਲੇਬਾਜੀ ਤੇ ਗੇਂਦਬਾਜੀ ਦੋਵਾਂ ਵਿੱਚ ਹੀ ਚੰਗਾ ਪ੍ਰਦਰਸ਼ਨ ਕੀਤਾ। ਹਸਰਤ ਨੂੰ ਖੁਸ਼ੀ ਹੈ ਕਿ ਉਹ 2 ਵੱਖੋ-ਵੱਖ ਮੁਲਕਾਂ ਦੇ ਕਲਚਰ ਨੂੰ ਇਸ ਖੇਡ ਰਾਹੀਂ ਪ੍ਰਦਰਸ਼ਿਤ ਕਰਨ ਦਾ ਮਾਣ ਹਾਸਲ ਕਰ ਰਹੀ ਹੈ ਤੇ ਇਨ੍ਹਾਂ ਹੀ ਨਹੀਂ ਹਸਰਤ ਦੀ ਇਸ ਉਪਲਬਧੀ ਨੂੰ ਦੇਖਦਿਆਂ ਭਾਈਚਾਰੇ ਤੋਂ ਬਹੁਤ ਕੁੜੀਆਂ ਕ੍ਰਿਕਟ ਖੇਡਣ ਲਈ ਪ੍ਰੇਰਿਤ ਹੋ ਰਹੀਆਂ ਹਨ। ਹੁਣ ਹਸਰਤ ਦੀ ਮਾਤਾ ਜਗਰੂਪ ਕੌਰ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਆਸਟ੍ਰੇਲੀਆ ਦੀ ਅੰਤਰ-ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰਨ ਲਈ ਉਸਦੀ ਧੀ ਇੰਡੀਆ ਪੁੱਜੇ।