Haryana

ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਛੇਤੀ ਹੀ 5 ਹਜ਼ਾਰ ਏਕੜ ਭੂਮੀ ਖਰੀਦੇਗੀ

ਚੰਡੀਗੜ੍ਹ, 7 ਫਰਵਰੀ 2024: ਹਰਿਆਣਾ (Haryana) ਵਿਚ ਸ਼ਹਿਰੀ ਖੇਤਰ ਵਿਚ ਯੋਜਨਾਬੱਧ ਢੰਗ ਨਾਲ ਵਿਕਾਸ ਯਕੀਨੀ ਕਰਨ ਦੀ ਦਿਸ਼ਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਇਕ ਹੋਰ ਪਹਿਲ ਕਰਦੇ ਹੋਏ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਜਲਦੀ ਤੋਂ ਜਲਦੀ ਈ-ਭੂਮੀ ਪੋਰਟਲ, ਲੈਂਡ ਪੁਲਿੰਗ ਪੋਲਿਸੀ ਜਾਂ ਐਗਰੀਗੇਟਰ ਰਾਹੀਂ 5 ਹਜ਼ਾਰ ਏਕੜ ਭੂਮੀ ਖਰੀਦਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਸੰਸਥਾਗਤ ਢੰਗ ਨਾਲ ਸੈਕਟਰ ਵਿਕਸਿਤ ਕੀਤੇ ਜਾ ਸਕਣ। ਸਰਕਾਰ ਦੇ ਇਸ ਕਦਮ ਨਾਲ ਅਵੈਧ ਕਲੋਨੀਆਂ ਦੇ ਪਣਪਨ ‘ਤੇ ਰੋਕ ਲੱਗੇਗੀ।

ਮੁੱਖ ਮੰਤਰੀ, ਜੋ ਹਰਿਆਣਾ (Haryana) ਸ਼ਹਿਰੀ ਵਿਕਾਸ ਅਥਾਰਿਟੀ ਦੇ ਚੇਅਰਮੈਨ ਵੀ ਹਨ, ਉਨ੍ਹਾਂ ਨੇ ਇਹ ਨਿਰਦੇਸ਼ ਅੱਜ ਇੱਥੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 126ਵੀਂ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੇ।

ਮਨੋਹਰ ਲਾਲ ਨੇ ਕਿਹਾ ਕਿ ਅਥਾਰਿਟੀ ਆਪਣੇ ਸਾਰੇ ਸੰਪਤੀਆਂ ਦੀ ਚਾਹੇ ਉਹ ਰਿਹਾਇਸ਼ੀ ਜਾਂ ਵਪਾਰਕ ਜਾਂ ਸੰਸਥਾਗਤ ਹੋਵੇ, ਸਾਰਿਆਂ ਨੂੰ ਸੂਚੀਬੱਧ ਕਰਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਫੀਲਡ ਵਿਚ ਸੰਪਦਾ ਅਧਿਕਾਰੀਆਂ ਦੇ ਕੋਲ ਨਾਗਰਿਕਾਂ ਵੱਲੋਂ ਜਮੀਨ ਨਾਲ ਸਬੰਧਿਤ ਦਿੱਤੇ ਗਏ ਕਿਸੇ ਵੀ ਤਰ੍ਹਾ ਦੇ ਬਿਨਿਆਂ ਦੀ ਜਾਣਕਾਰੀ ਮੁੱਖ ਦਫਤਰ ਨੂੰ ਜਰੂਰੀ ਤੌਰ ‘ਤੇ ਦਿੱਤੀ ਜਾਵੇ।

ਬੈਠਕ ਵਿਚ ਕਰਮਚਾਰੀ ਰਾਜ ਬੀਮਾ (ਈਐਸਆਈ) ਨਾਲ ਜੁੜੇ ਬੀਮਾਕਾਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਤਹਿਤ ਵੱਖ-ਵੱਖ ਜਿਲ੍ਹਿਆਂ ਵਿਚ ਈਐਸਆਈ ਡਿਸਪੈਂਸਰੀਆਂ ਦੇ ਨਿਰਮਾਣ ਤਹਿਤ ਜਮੀਨ ਬਿਨੈ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹਾ ਅੰਬਾਲਾ ਵਿਚ ਮੁਲਾਨਾ, ਜ਼ਿਲ੍ਹਾ ਗੁਰੂਗ੍ਰਾਮ ਵਿਚ ਫਰੂਖਨਗਰ, ਜ਼ਿਲ੍ਹਾ ਝੱਜਰ ਵਿਚ ਦਾਦਰੀ ਤੇ ਝਾਡਲੀ, ਜਿਲ੍ਹਾਂ ਕਰਨਾਲ ਵਿਚ ਤਰਾਵੜੀ ਤੇ ਘਰੌਂਡਾ, ਜਿਲ੍ਹਾ ਰਿਵਾੜੀ ਵਿਚ ਕੋਸਲੀ, ਜਿਲ੍ਹਾ ਯਮੁਨਾਨਗਰ ਵਿਚ ਛਛਰੌਲੀ ਅਤੇ ਚਰਖੀ ਦਾਦਰੀ ਅਤੇ ਬਰਸਾਤ ਰੋਡ ਪਾਣੀਪਤ ਵਿਚ ਈਐਸਆਈ ਡਿਸਪੈਂਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਨਾਲ ਹੀ ਹਿਸਾਰ ਵਿਚ ਲਗਭਗ 100 ਬੈਡ ਦੀ ਸਹੂਲਤਾਂ ਵਾਲਾ ਈਐਸਆਈ ਹਸਪਤਾਲ ਵੀ ਬਣਾਇਆ ਜਾਵੇਗਾ। ਜਿਸ ਦੇ ਲਈ ਪਹਿਲਾਂ ਹੀ ਜਮੀਨ ਅਲਾਟ ਕੀਤੀ ਜਾ ਚੁੱਕੀ ਹੈ।

ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਸਰਕਾਰੀ ਵਿਭਾਗਾਂ ਨੂੰ ਘੱਟ ਕੀਮਤਾਂ ‘ਤੇ ਜਮੀਨ ਅਲਾਟ ਕਰਨ ਲਈ ਬਣਾਈ ਗਈ ਨੀਤੀ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਨੀਤੀ ਤਹਿਤ ਹੁਣ ਜਨਹਿਤ ਵਿਚ ਵਿਕਾਸ ਕੰਮਾਂ ਤਹਿਤ ਐਚਐਸਵੀਪੀ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ 50 ਫੀਸਦੀ ਦਰ ‘ਤੇ ਜਮੀਨ ਅਲਾਟ ਕੀਤੀ ਜਾਵੇਗੀ। ਹਾਲਾਂਕਿ ਇਹ ਨਿਯਮ ਸਿਰਫ ਵਿਭਾਗ ‘ਤੇ ਹੀ ਲਾਗੂ ਹੋਵੇਗਾ। ਬੋਰਡ ਤੇ ਨਿਗਮਾਂ ਨੁੰ ਨਿਰਧਾਰਿਤ ਦਰਾਂ ‘ਤੇ ਹੀ ਜਮੀਨ ਦਾ ਅਲਾਟਮੈਂਟ ਕੀਤਾ ਜਾਵੇਗਾ।

ਬੈਠਕ ਵਿਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਇੰਜੀਨੀਅਰਿੰਗ ਵਿੰਗ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀ ਮੌਤ ਦੇ ਬਾਅਦ ਅਨੁਕੰਪਾ ਆਧਾਰ ‘ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਨੌਕਰੀ ਦਿੱਤੀ ਗਈ। ਇੰਨ੍ਹਾਂ ਵਿਚ ਰਿਸ਼ਬ, ਨਮਿਤ, ਰਾਹੁਲ ਅਤੇ ਸ਼ਿਵਮ ਸ਼ਾਮਿਲ ਹਨ।

ਬੈਠਕ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਟੀਐਲ ਸਤਿਅਪ੍ਰਕਾਸ਼ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Scroll to Top