Site icon TheUnmute.com

Haryana Roadway: ਹਰਿਆਣਾ ਰੋਡਵੇਜ਼ ਦੇ ਬੇੜੇ ‘ਚ ਸ਼ਾਮਲ ਹੋਣਗੀਆਂ 650 ਨਵੀਆਂ ਬੱਸਾਂ

Haryana Roadway

ਚੰਡੀਗੜ੍ਹ, 6 ਦਸੰਬਰ 2024: ਹਰਿਆਣਾ ‘ਚ ਜਨਤਕ ਟਰਾਂਸਪੋਰਟ ਸੇਵਾ ਨੂੰ ਹੋਰ ਮਜ਼ਬੂਤ ​​ਕਰਦਿਆਂ ਹਰਿਆਣਾ ਰੋਡਵੇਜ਼ (Haryana Roadways) ਦੇ ਬੇੜੇ ‘ਚ 650 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਨ੍ਹਾਂ ‘ਚ 150 ਏ.ਸੀ ਅਤੇ 500 ਗੈਰ-ਏ.ਸੀ ਬੱਸਾਂ ਸ਼ਾਮਲ ਹਨ। ਇਨ੍ਹਾਂ ਬੱਸਾਂ ਦੀ ਖਰੀਦ ‘ਤੇ 300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਹਾਈ ਪਾਵਰਡ ਪਰਚੇਜ਼ ਕਮੇਟੀ (ਐਚਪੀਪੀਸੀ) ਵਿੱਚ ਇਸ ਸਬੰਧੀ ਪ੍ਰਵਾਨਗੀ ਦਿੱਤੀ ਹੈ।

ਹਾਈ ਪਾਵਰਡ ਪਰਚੇਜ਼ ਕਮੇਟੀ (ਐਚਪੀਪੀਸੀ), ਡਿਪਾਰਟਮੈਂਟਲ ਹਾਈ ਪਾਵਰਡ ਪਰਚੇਜ਼ ਕਮੇਟੀ (ਡੀਐਚਪੀਪੀਸੀ) ਅਤੇ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ (ਐਚਪੀਡਬਲਯੂਪੀਸੀ) ਦੀ ਬੈਠਕ ‘ਚ ਕੁੱਲ 1329 ਕਰੋੜ ਰੁਪਏ ਦੇ ਵੱਖ-ਵੱਖ ਵਸਤੂਆਂ ਦੇ ਠੇਕਿਆਂ ਅਤੇ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ। ਬੈਠਕ ‘ਚ ਵੱਖ-ਵੱਖ ਬੋਲੀਕਾਰਾਂ ਨਾਲ ਗੱਲਬਾਤ ਤੋਂ ਬਾਅਦ ਰੇਟ ਤੈਅ ਕਰਕੇ 38 ਕਰੋੜ ਰੁਪਏ ਤੋਂ ਵੱਧ ਦੀ ਬਚਤ ਕੀਤੀ ਹੈ।

ਹਰਿਆਣਾ ਸਰਕਾਰ ਪੀ.ਐਮ.ਸ਼੍ਰੀ ਸਕੀਮ ਅਤੇ ਸਮਗਰ ਸਿੱਖਿਆ ਯੋਜਨਾ ਤਹਿਤ 801 ਸਰਕਾਰੀ ਸਕੂਲਾਂ ‘ਚ 4 ਤਰ੍ਹਾਂ ਦੀਆਂ ਆਈ.ਸੀ.ਟੀ ਲੈਬ ਸਥਾਪਿਤ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ । ਇਨ੍ਹਾਂ ‘ਤੇ ਲਗਭਗ 50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਨਿਪੁਨ ਪ੍ਰੋਗਰਾਮ ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 33 ਕਰੋੜ ਰੁਪਏ ਦੀ ਲਾਗਤ ਨਾਲ ਟੀਚਿੰਗ ਲਰਨਿੰਗ ਸਾਜ਼ੋ-ਸਾਮਾਨ ਖਰੀਦਣ ਲਈ ਵੀ ਪ੍ਰਵਾਨਗੀ ਦਿੱਤੀ ਗਈ।

Exit mobile version