ਚੰਡੀਗੜ੍ਹ, 12 ਮਾਰਚ 2024: ਹਰਿਆਣਾ (Haryana) ਸਰਕਾਰ ਨੇ ਸੂਬੇ ਦੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ (water supply) ਅਤੇ ਸੀਵਰੇਜ ਦੇ ਕੁਨੈਕਸ਼ਨਾਂ ਦੀ ਮਨਜ਼ੂਰੀ ਦੀ ਸਮਾਂ ਸੀਮਾ 12 ਦਿਨਾਂ ਤੋਂ ਘਟਾ ਕੇ 7 ਦਿਨ ਕਰ ਦਿੱਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦੱਸਿਆ ਕਿ ਹਰਿਆਣਾ ਸੇਵਾ ਅਧਿਕਾਰ ਕਾਨੂੰਨ, 2014 ਤਹਿਤ ਇਹ ਸਮਾਂ ਸੀਮਾ ਤੈਅ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਪਲਾਈ (water supply) ਦੇ ਨਵੇਂ ਕੁਨੈਕਸ਼ਨ ਅਤੇ ਸੀਵਰੇਜ ਕੁਨੈਕਸ਼ਨ ਦੀ ਪ੍ਰਵਾਨਗੀ ਲਈ ਸਬੰਧਤ ਉਪ ਮੰਡਲ ਇੰਜਨੀਅਰ ਨੂੰ ਨਾਮਜ਼ਦ ਅਧਿਕਾਰੀ ਅਤੇ ਸਬੰਧਤ ਕਾਰਜਕਾਰੀ ਇੰਜਨੀਅਰ ਨੂੰ ਪਹਿਲਾ ਸ਼ਿਕਾਇਤ ਨਿਵਾਰਨ ਅਥਾਰਟੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਬੰਧਤ ਸੁਪਰਡੈਂਟ ਇੰਜੀਨੀਅਰ ਨੂੰ ਦੂਜੀ ਸ਼ਿਕਾਇਤ ਨਿਵਾਰਣ ਅਥਾਰਟੀ ਵਜੋਂ ਨਿਯੁਕਤ ਕੀਤਾ ਗਿਆ ਹੈ।