ਚੰਡੀਗੜ, 2 ਮਈ 2025: ਹਰਿਆਣਾ ਰਾਜ ਨੇ ਦੇਸ਼ ਭਰ ‘ਚ ਕੁੱਲ ਜੀਐਸਟੀ ਸੰਗ੍ਰਹਿ ‘ਚ ਚੌਥੇ ਸਥਾਨ ‘ਤੇ ਪਹੁੰਚ ਕੇ ਇੱਕ ਮਹੱਤਵਪੂਰਨ ਵਿੱਤੀ ਮੀਲ ਪੱਥਰ ਪ੍ਰਾਪਤ ਕੀਤਾ ਹੈ। ਅਪ੍ਰੈਲ 2025 ‘ਚ ਹਰਿਆਣਾ ਨੇ 14,057 ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਹੈ। ਇਹ ਉਪਲਬੱਧੀ ਉਸ ਸਮੇਂ ਆਈ ਹੈ ਜਦੋਂ ਭਾਰਤ ਨੇ ਇਸੇ ਸਮੇਂ ਦੌਰਾਨ 2.37 ਲੱਖ ਕਰੋੜ ਰੁਪਏ ਦਾ ਆਪਣਾ ਸਭ ਤੋਂ ਵੱਧ ਮਾਸਿਕ ਜੀਐਸਟੀ ਸੰਗ੍ਰਹਿ ਦਰਜ ਕੀਤਾ ਹੈ।
ਅੱਜ ਇੱਥੇ ਇਸ ਸਬੰਧ ‘ਚ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਕੋਲ ਆਬਕਾਰੀ ਅਤੇ ਕਰ ਵਿਭਾਗ ਦਾ ਕਾਰਜਭਾਰ ਵੀ ਹੈ | ਉਨ੍ਹਾਂ ਨੇ ਕਿਹਾ ਕਿ ਹਰਿਆਣਾ, ਜੋ ਕਿ ਵਿੱਤੀ ਸਾਲ 2024-25 ਦੌਰਾਨ 5ਵੇਂ ਸਥਾਨ ‘ਤੇ ਸੀ, ਹੁਣ ਅਪ੍ਰੈਲ 2025 ‘ਚ ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਨੂੰ ਪਛਾੜ ਕੇ ਚੌਥਾ ਸਥਾਨ ਪ੍ਰਾਪਤ ਕਰ ਲਿਆ ਹੈ।
ਹਰਿਆਣਾ ਨੇ ਅਪ੍ਰੈਲ 2025 ਵਿੱਚ ਸਟੇਟ ਜੀਐਸਟੀ (SGST) ਸੰਗ੍ਰਹਿ ਦੇ ਰੂਪ ‘ਚ 2,492.43 ਕਰੋੜ ਰੁਪਏ ਪ੍ਰਾਪਤ ਕੀਤੇ, ਜੋ ਕਿ ਅਪ੍ਰੈਲ 2024 ‘ਚ ਇਕੱਠੇ ਕੀਤੇ 2,154.13 ਕਰੋੜ ਰੁਪਏ ਦੇ ਮੁਕਾਬਲੇ 15.70 ਫੀਸਦੀ ਦਾ ਮਹੱਤਵਪੂਰਨ ਵਾਧਾ ਹੈ। ਇਹ ਮਹੱਤਵਪੂਰਨ ਵਾਧਾ ਹਰਿਆਣਾ ਦੇ ਲਗਾਤਾਰ ਸੁਧਰੇ ਹੋਏ ਆਰਥਿਕ ਪ੍ਰਦਰਸ਼ਨ ਅਤੇ ਕੁਸ਼ਲ ਟੈਕਸ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ।
Read More: ਹਰਿਆਣਾ ਵੀ ਪੰਜਾਬ ਦਾ ਹੀ ਇੱਕ ਹਿੱਸਾ, ਪਾਣੀ ਦੇ ਮੁੱਦੇ ‘ਤੇ ਰਾਜਨੀਤੀ ਨਾ ਹੋਵੇ: CM ਨਾਇਬ ਸਿੰਘ ਸੈਣੀ