Haryana Police news

ਹਰਿਆਣਾ ਪੁਲਿਸ ਵੱਲੋਂ ਹੌਟਸਪੌਟ ਡੋਮੀਨੇਸ਼ਨ ਆਪ੍ਰੇਸ਼ਨ ਤਹਿਤ ਛਾਪੇਮਾਰੀ, 169 ਜਣੇ ਗ੍ਰਿਫ਼ਤਾਰ

ਹਰਿਆਣਾ, 23 ਦਸੰਬਰ 2025: ਹਰਿਆਣਾ ਪੁਲਿਸ ਦੇ ਹੌਟਸਪੌਟ ਡੋਮੀਨੇਸ਼ਨ ਆਪ੍ਰੇਸ਼ਨ ਨੂੰ 22 ਦਿਨ ਪੂਰੇ ਹੋ ਗਏ ਹਨ। 22ਵੇਂ ਦਿਨ ਹਰਿਆਣਾ ਪੁਲਿਸ ਨੇ 883 ਸੰਵੇਦਨਸ਼ੀਲ ਥਾਵਾਂ ‘ਤੇ ਛਾਪੇਮਾਰੀ ਕੀਤੀ। ਪੁਲਿਸ ਮੁਤਾਬਕ ਇਸ ਸਮੇਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ 169 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਆਪ੍ਰੇਸ਼ਨ ਤਹਿਤ ਕੁੱਲ 62 ਨਵੇਂ ਅਪਰਾਧਿਕ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ‘ਚ ਅਸਲਾ ਐਕਟ ਤਹਿਤ 6 ਮਾਮਲੇ ਸ਼ਾਮਲ ਹਨ।

ਹਰਿਆਣਾ ਪੁਲਿਸ ਮੁਤਾਬਕ 169 ਮੁਲਜ਼ਮਾਂ ‘ਚ 39 ਫਰਾਰ ਮੁਲਜ਼ਮ ਅਤੇ 11 ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮੁਲਜ਼ਮ ਸ਼ਾਮਲ ਹਨ। ਇਹ ਆਪ੍ਰੇਸ਼ਨ ਸਿਰਫ਼ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੀ ਨਹੀਂ, ਸਗੋਂ ਮੁਲਜ਼ਮਾਂ ਦੇ ਸੰਗਠਿਤ ਨੈੱਟਵਰਕ ਨੂੰ ਤੋੜਨ ‘ਚ ਵੀ ਫੈਸਲਾਕੁੰਨ ਸਾਬਤ ਹੋਇਆ ਹੈ।
ਇਸ ਆਪ੍ਰੇਸ਼ਨ ‘ਚ ਪੁਲਿਸ ਨੇ ਅਪਰਾਧੀਆਂ ਦੇ ਵਿੱਤੀ ਸਰੋਤਾਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਟੀਮਾਂ ਨੇ ਆਪ੍ਰੇਸ਼ਨ ਦੌਰਾਨ ₹13,52,335 ਦੀ ਨਕਦੀ ਜ਼ਬਤ ਕੀਤੀ।

ਹਰਿਆਣਾ ਪੁਲਿਸ ਮੁਤਾਬਕ ਨਸ਼ਿਆਂ ਦੀ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ, ਪੁਲਿਸ ਨੇ 3.6 ਕਿਲੋਗ੍ਰਾਮ ਭੰਗ, 894 ਗ੍ਰਾਮ ਹੈਰੋਇਨ ਅਤੇ 14.21 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ। ਇਸ ਤੋਂ ਇਲਾਵਾ, ਹਿੰਸਕ ਅਪਰਾਧੀਆਂ ਦੀਆਂ ਦੋ ਜਾਇਦਾਦਾਂ ਨੂੰ ਜ਼ਬਤ ਕੀਤਾ ਅਤੇ ਇੱਕ ਗੈਰ-ਕਾਨੂੰਨੀ ਕਬਜ਼ੇ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਅਤੇ ਅਪਰਾਧੀਆਂ ਨਾਲ ਸਬੰਧਤ ਗੈਰ-ਕਾਨੂੰਨੀ ਢਾਂਚਾ ਢਾਹ ਦਿੱਤਾ। ਗੈਰ-ਕਾਨੂੰਨੀ ਸ਼ਰਾਬ ਤਸਕਰੀ ਵਿਰੁੱਧ ਕਾਰਵਾਈ ‘ਚ ਪੁਲਿਸ ਨੇ 384 ਬੀਅਰ, 13,422 ਬੋਤਲਾਂ ਵਿਦੇਸ਼ੀ ਸ਼ਰਾਬ, 369 ਬੋਤਲਾਂ ਦੇਸੀ ਸ਼ਰਾਬ, 118 ਲੀਟਰ ਨਾਜਾਇਜ਼ ਸ਼ਰਾਬ, ਅਤੇ 100 ਲੀਟਰ ਲਾਹਣ ਜ਼ਬਤ ਕੀਤੀ।

ਜ਼ਿਲ੍ਹਾ-ਵਿਆਪੀ ਕਾਰਵਾਈਆਂ ਦੇ ਹਿੱਸੇ ਵਜੋਂ, ਗੁਰੂਗ੍ਰਾਮ ਪੁਲਿਸ ਨੇ 63 ਹੌਟਸਪੌਟਾਂ ‘ਤੇ ਛਾਪੇਮਾਰੀ ਕੀਤੀ, 43 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ₹3.21 ਲੱਖ ਦੀ ਨਕਦੀ ਬਰਾਮਦ ਕੀਤੀ। ਝੱਜਰ ਪੁਲਿਸ ਨੇ 79 ਹੌਟਸਪੌਟ ਖੇਤਰਾਂ ‘ਚ ਤਲਾਸ਼ੀ ਮੁਹਿੰਮ ਚਲਾਈ ਅਤੇ ਸੱਤ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ।

ਫਰੀਦਾਬਾਦ ‘ਚ 49 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਅਤੇ ਲਗਭੱਗ 2.5 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ, ਜਦੋਂ ਕਿ ਸੋਨੀਪਤ ‘ਚ, 54 ਹੌਟਸਪੌਟਾਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਅਸਲਾ ਐਕਟ ਤਹਿਤ ਦੋ ਮਾਮਲੇ ਦਰਜ ਕੀਤੇ ਗਏ।

ਹਿਸਾਰ ਪੁਲਿਸ ਨੇ ਛੇ ਹੋਰ ਸੂਬਿਆਂ ਨਾਲ ਮਹੱਤਵਪੂਰਨ ਖੁਫੀਆ ਜਾਣਕਾਰੀ ਸਾਂਝੀ ਕੀਤੀ ਅਤੇ ਦੋ ਲੁੱਕਆਊਟ ਸਰਕੂਲਰ ਜਾਰੀ ਕੀਤੇ। ਨਕਦੀ ਵਸੂਲੀ ਦੇ ਮਾਮਲੇ ‘ਚ, ਪਲਵਲ ਪੁਲਿਸ ਨੇ 7 ਲੱਖ ਰੁਪਏ ਅਤੇ ਪੰਚਕੂਲਾ ਪੁਲਿਸ ਨੇ 2.4 ਲੱਖ ਰੁਪਏ ਜ਼ਬਤ ਕੀਤੇ, ਜਿਸ ਨਾਲ ਅਪਰਾਧੀਆਂ ਨੂੰ ਭਾਰੀ ਵਿੱਤੀ ਝਟਕਾ ਲੱਗਾ।

Read More: ਪੰਜਾਬ ਪੁਲਿਸ ਦੀ ਨਸ਼ਿਆਂ ਖ਼ਿਲਾਫ ਸੂਬੇ ਭਰ ‘ਚ ਛਾਪੇਮਾਰੀ, 100 ਜਣੇ ਗ੍ਰਿਫਤਾਰ

ਵਿਦੇਸ਼

Scroll to Top