ਚੰਡੀਗੜ੍ਹ, 28 ਨਵੰਬਰ 2024: ਪੰਜਾਬ ਵੱਲੋਂ ਰਾਜਸਥਾਨ ਨੂੰ ਭਾਖੜਾ ਨਹਿਰ (Bhakra Canal) ਰਾਹੀਂ ਛੱਡੇ ਜਾਣ ਵਾਲੇ ਪਾਣੀ ਦੀ ਹਰਿਆਣਾ ਆਪਣੇ ਹਿੱਸੇ ਤੋਂ ਵੱਧ ਵਰਤੋਂ ਕਰ ਰਿਹਾ ਹੈ। ਜਿਸ ਦੇ ਸੰਬੰਧੀ ਪੰਜਾਬ ਸਰਕਾਰ ਨੇ ਇਤਰਾਜ ਪ੍ਰਗਟਾਇਆ ਹੈ | ਜਾਣਕਾਰੀ ਮੁਤਾਬਕ ਜਲ ਮਾਪ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵੱਲੋਂ ਰਾਜਸਥਾਨ ਸਰਕਾਰ ਨੂੰ ਪੱਤਰ ਲਿਖਿਆ ਹੈ ਅਤੇ ਇਸ ਸਬੰਧੀ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੰਜਾਬ ਵੱਲੋਂ ਰਾਜਸਥਾਨ ਨੂੰ 15 ਦਿਨਾਂ ‘ਚ ਛੱਡੇ ਜਾਣ ਵਾਲੇ ਪਾਣੀ ਨੂੰ ਮਾਪਣ ਤੋਂ ਬਾਅਦ ਇਹ ਰਿਪੋਰਟ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਆਪਣੇ ਪੱਧਰ ‘ਤੇ ਜਾਂਚ ਕਰਕੇ ਹਰਿਆਣਾ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਭਾਖੜਾ ਮੇਨ ਲਾਈਨ ਦੇ ਸ਼ੁਰੂ ਤੋਂ ਲੈ ਕੇ ਹਰਿਆਣਾ ਐਂਟਰੀ ਪੁਆਇੰਟ ਤੱਕ 390 ਪੁਆਇੰਟ ਹਨ। ਜਲ ਸਰੋਤ ਵਿਭਾਗ ਨੇ 1 ਨਵੰਬਰ ਤੋਂ 15 ਨਵੰਬਰ ਤੱਕ ਪਾਣੀ ਦੇ ਮਾਪ ਲਏ ਹਨ ।
ਇਸ ਦੌਰਾਨ ਭਾਖੜਾ ਤੋਂ ਰੋਜ਼ਾਨਾ 6062 ਕਿਊਸਿਕ ਪਾਣੀ ਛੱਡਿਆ ਗਿਆ, ਜਦੋਂ ਕਿ ਪਾਣੀ ਦੀ ਲੋੜ 6017 ਕਿਊਸਿਕ ਸੀ। ਇਸ ‘ਚ ਰਾਜਸਥਾਨ ਦਾ ਪਾਣੀ ਵੀ ਸ਼ਾਮਲ ਸੀ। ਰਾਜਸਥਾਨ ਦੀ ਭਾਖੜਾ ਮੇਨ ਲਾਈਨ (Bhakra Canal) ਤੋਂ ਰੋਜ਼ਾਨਾ ਪਾਣੀ ਦੀ ਮੰਗ 623 ਕਿਊਸਿਕ ਹੈ। ਜਦੋਂਕਿ ਇਸ ‘ਚ 423 ਕਿਊਸਿਕ ਪਾਣੀ ਆ ਰਿਹਾ ਹੈ। ਇਸ ਤੋਂ ਸਪੱਸ਼ਟ ਹੈ ਕਿ ਰਾਜਸਥਾਨ ਨੂੰ ਹਰ ਰੋਜ਼ ਨਹਿਰ ‘ਚੋਂ 199 ਕਿਊਸਿਕ ਘੱਟ ਪਾਣੀ ਮਿਲ ਰਿਹਾ ਹੈ।
ਜਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਚੰਡੀਗੜ੍ਹ ‘ਚ ਹੋਈ ਉੱਤਰੀ ਖੇਤਰੀ ਕੌਂਸਲ ਦੀ ਸਥਾਈ ਕਮੇਟੀ ਦੀ ਬੈਠਕ ‘ਚ ਰਾਜਸਥਾਨ ਵਾਲੇ ਪਾਸੇ ਤੋਂ ਘੱਟ ਪਾਣੀ ਦਾ ਮੁੱਦਾ ਚੁੱਕਿਆ ਗਿਆ ਸੀ। ਰਾਜਸਥਾਨ ਦਾ ਕਹਿਣਾ ਸੀ ਕਿ ਹਰਿਆਣਾ ਭਾਖੜਾ ਮੇਨ ਲਾਈਨ ਤੋਂ ਸਹੀ ਢੰਗ ਨਾਲ ਪਾਣੀ ਨਹੀਂ ਛੱਡ ਰਿਹਾ।
ਇਸ ਦੇ ਨਾਲ ਹੀ ਹਰਿਆਣਾ ਨੇ ਪੰਜਾਬ ਨੂੰ ਘੱਟ ਪਾਣੀ ਦੇਣ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਕਾਫ਼ੀ ਸਮਾਂ ਪਹਿਲਾਂ ਰਾਜਸਥਾਨ ਸਰਕਾਰ ਵੱਲੋਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਵਿਚਾਲੇ ਐੱਸ.ਵਾਈ.ਐੱਲ ਨਹਿਰ ਦਾ ਮੁੱਦਾ ਚਰਚਾ ‘ਚ ਰਹਿੰਦਾ ਹੈ | ਜਿਸ ‘ਚ ਹਰਿਆਣਾ ਐੱਸ.ਵਾਈ.ਐੱਲ ਨਹਿਰ ਦੇ ਪਾਣੀ ਦੀ ਮੰਗ ਕਰਦਾ ਹੈ | ਦੂਜੇ ਪਾਸੇ ਪੰਜਾਬ ਸਰਕਾਰ ਦਾ ਪੱਖ ਹੈ ਕਿ ਉਨ੍ਹਾਂ ਕੋਲ ਕਿਸੇ ਸੂਬੇ ਨੂੰ ਵਾਧੂ ਦੇਣ ਲਈ ਪਾਣੀ ਨਹੀਂ ਹੈ. ਕਿਉਂਕਿ ਪੰਜਾਬ ‘ਚ ਵੀ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ |