ਚੰਡੀਗੜ, 19 ਜੁਲਾਈ 2024: ਹਰਿਆਣਾ (Haryana) ਦੇ ਉਦਯੋਗ ਅਤੇ ਵਣਜ ਮੰਤਰੀ ਮੂਲਚੰਦ ਸ਼ਰਮਾ ਨੇ ਅੱਜ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਦੀ ਬੈਠਕ ‘ਚ ਸ਼ਿਕਾਇਤਾਂ ਦੀ ਸੁਣਵਾਈ ਦੌਰਾਨ ਲੋਕਾਂ ਦੁਆਰਾ ਕੀਤੀ ਗਈ ਸ਼ਿਕਾਇਤ ‘ਤੇ ਜ਼ਿਲ੍ਹੇ ਦੇ ਖੇਤਰੀ ਟਰਾਂਸਪੋਰਟ ਦਫਤਰ ਦੇ ਐਮ.ਵੀ.ਓ. ਨੂੰ ਜ਼ਿਲ੍ਹਾ ਚਰਖੀ ਦਾਦਰੀ ‘ਚ ਕੰਮ ਸਹੀ ਢੰਗ ਨਾਲ ਨਾ ਕਰਨ ਅਤੇ ਅਹਿਮ ਬੈਠਕਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕਮੇਟੀ ਮੁਅੱਤਲ ਕਰ ਦਿੱਤਾ ਹੈ |
ਬੈਠਕ ਦੌਰਾਨ ਓਵਰਲੋਡਿੰਗ ਸਬੰਧੀ ਕੀਤੀ ਗਈ ਸ਼ਿਕਾਇਤ ‘ਚ ਕਿਹਾ ਗਿਆ ਕਿ ਹਰਿਆਣਾ (Haryana) ਦੇ ਦਾਦਰੀ ‘ਚੋਂ ਰੋਜ਼ਾਨਾ ਹਜ਼ਾਰਾਂ ਟਰੱਕ ਲੰਘਦੇ ਹਨ ਅਤੇ ਇਨ੍ਹਾਂ ‘ਚੋਂ ਜ਼ਿਆਦਾਤਰ ਓਵਰਲੋਡ ਹੁੰਦੇ ਹਨ, ਜਿਸ ਕਾਰਨ ਸੜਕਾਂ ਦਾ ਨੁਕਸਾਨ ਹੁੰਦਾ ਹੈ ਅਤੇ ਹਾਦਸੇ ਵੀ ਵਾਪਰ ਰਹੇ ਹਨ। ਇਨ੍ਹਾਂ ਹਾਦਸਿਆਂ ‘ਚ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਇਸ ਦੇ ਬਾਵਜੂਦ ਖੇਤਰੀ ਟਰਾਂਸਪੋਰਟ ਦਫ਼ਤਰ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਇਸ ‘ਤੇ ਮੰਤਰੀ ਨੇ ਐਮਵੀਓ ਨੂੰ ਆਪਣੀ ਡਿਊਟੀ ‘ਚ ਲਾਪਰਵਾਹੀ ਵਰਤਣ ਅਤੇ ਜ਼ਰੂਰੀ ਬੈਠਕ ‘ਚ ਸ਼ਾਮਲ ਨਾ ਹੋਣ ਕਾਰਨ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ |
ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਨਿਯਮਾਂ ਅਨੁਸਾਰ ਜੇਕਰ ਕਿਸੇ ਵਾਹਨ ਦਾ ਤਿੰਨ ਵਾਰ ਓਵਰਲੋਡਿੰਗ ਕਾਰਨ ਚਲਾਨ ਕੀਤਾ ਜਾਂਦਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਰੀਨਿਊ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ, ਇੱਕ ਡਰਾਈਵਰ ਜਿਸ ਨੂੰ ਦੋ ਵਾਰ ਓਵਰਲੋਡਿੰਗ ਦਾ ਹਵਾਲਾ ਦਿੱਤਾ ਗਿਆ ਹੈ, ਉਸ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ‘ਚ ਸਰਕਾਰ ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਕਿਸੇ ਵੀ ਸਥਿਤੀ ‘ਚ ਓਵਰਲੋਡ ਨਾ ਹੋਣ ਦਿੱਤਾ ਜਾਵੇ |
ਮੰਤਰੀ ਨੇ ਦੱਸਿਆ ਕਿ ਅੱਜ ਦੀ ਬੈਠਕ ‘ਚ ਕੁੱਲ 14 ਸ਼ਿਕਾਇਤਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ‘ਚੋਂ 9 ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ। ਬਾਕੀਆਂ ਨੂੰ ਅਗਲੀ ਬੈਠਕ ਲਈ ਪੈਂਡਿੰਗ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੇ ਹੱਲ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।