July 2, 2024 8:00 pm
Sirsa

Haryana: ਜ਼ਿਲ੍ਹਾ ਸਿਰਸਾ ‘ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਦੋ ਨੌਜਵਾਨਾਂ ਦੀ ਮੌਤ

ਚੰਡੀਗੜ੍ਹ,16 ਜਨਵਰੀ 2023: ਹਰਿਆਣਾ ਸੂਬੇ ਦੇ ਜ਼ਿਲ੍ਹਾ ਸਿਰਸਾ (Sirsa) ਅਧੀਨ ਮੰਡੀ ਕਾਲਾਂਵਾਲੀ ਵਿਚ ਦੇਸੂ ਰੋਡ ’ਤੇ ਆਪਸੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਕਾਰ ਆਹਮਣੇ-ਸਾਹਮਣੇ ਗੋਲੀਆਂ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ ਦੀ ਖ਼ਬਰ ਹੈ | ਜਦਕਿ ਦੋ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਕ ਧਿਰ ਨੇ ਦੂਜੇ ਧਿਰ ਦੀ ਗੱਡੀ ਨੂੰ ਰੋਕ ਕੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ 3.30 ਵਜੇ ਦੇ ਕਰੀਬ ਦੀਪਕ ਅਤੇ ਦੀਪੂ ਨਾਮੀ ਦੋ ਨੌਜਵਾਨ ਸਕਾਰਪੀਓ ਵਿੱਚ ਸਵਾਰ ਹੋ ਕੇ ਆਪਣੇ ਦੋ ਹੋਰ ਦੋਸਤਾਂ ਨਾਲ ਕਾਲਾਂਵਾਲੀ ਤੋਂ ਦੇਸੂ ਰੋਡ ਵੱਲ ਜਾ ਰਹੇ ਸਨ। ਉਦੋਂ ਹੀ ਸਾਹਮਣੇ ਤੋਂ ਸਕਾਰਪੀਓ ‘ਚ ਸਵਾਰ ਬਦਮਾਸ਼ਾਂ ਨੇ ਪਹਿਲਾਂ ਦੀਪਕ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਜ਼ੋਰਦਾਰ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਕਾਰਨ ਦੀਪਕ ਅਤੇ ਦੀਪੂ ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਦੋ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਮਾਰੇ ਗਏ ਦੋਵੇਂ ਵਿਅਕਤੀਆਂ ਦਾ ਅਪਰਾਧਿਕ ਰਿਕਾਰਡ ਵੀ ਹੈ ਅਤੇ ਗੋਲੀ ਚਲਾਉਣ ਵਾਲੇ ਵੀ ਬਦਮਾਸ਼ ਦੱਸੇ ਜਾਂਦੇ ਹਨ।

ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਸਕਾਰਪੀਓ ਗੱਡੀ ਮੌਕੇ ‘ਤੇ ਛੱਡ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਾਲਾਂਵਾਲੀ ਦੇ ਨਾਲ ਲੱਗਦੀ ਪੰਜਾਬ ਸਰਹੱਦ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਮੁੱਢਲੀ ਜਾਂਚ ‘ਚ ਇਹ ਗੈਂਗ ਵਾਰ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਹਮਲਾਵਰ ਕਿਸ ਗੈਂਗ ਨਾਲ ਜੁੜੇ ਹੋਏ ਹਨ।