Haryana Government

Against Drugs: ਨਸ਼ਿਆਂ ਖ਼ਿਲਾਫ ਸ਼ਿਕਾਇਤ ਲਈ ਹਰਿਆਣਾ ਸਰਕਾਰ ਛੇਤੀ ਲਾਂਚ ਕਰੇਗੀ ਪੋਰਟਲ

ਚੰਡੀਗੜ੍ਹ, 08 ਜਨਵਰੀ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿਚ 10 ਜਨਵਰੀ ਤੋਂ 12 ਜਨਵਰੀ ਤੱਕ ਹੋਣ ਵਾਲੇ ਰਾਸ਼ਟਰੀ ਯੁਵਾ ਉਤਸਵ ‘ਚ ਹਿੱਸਾ ਲੈਣ ਲਈ ਹਰਿਆਣਾ ਦੇ 75 ਨੌਜਵਾਨਾਂ ਦੇ ਸਮੂਹ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਮੁੱਖ ਮੰਤਰੀ ਨਾਇਬ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਕਿ ਰਾਸ਼ਟਰੀ ਯੁਵਾ ਉਤਸਵ ‘ਚ ਹਰਿਆਣਾ ਦੀ ਨੁਮਾਇੰਦਗੀ ਕਰਨਾ ਸਾਡੇ ਸਭ ਲਈ ਮਾਣ ਅਤੇ ਸਨਮਾਨ ਦਾ ਪਲ ਹੈ। ਇਸ ‘ਚ ਭਾਗ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਾਸਿਕ, ਮਹਾਰਾਸ਼ਟਰ ‘ਚ ਹੋਏ ਰਾਸ਼ਟਰੀ ਯੁਵਾ ਉਤਸਵ ਵਿੱਚ ਹਰਿਆਣਾ ਨੇ ਦੇਸ਼ ਭਰ ‘ਚ ਦੂਜਾ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਇਸ ਵਾਰ ਕੌਮੀ ਯੁਵਾ ਉਤਸਵ ‘ਚ ਹਰਿਆਣਾ ਯਕੀਨੀ ਤੌਰ ’ਤੇ ਦੇਸ਼ ‘ਚੋਂ ਪਹਿਲਾ ਸਥਾਨ ਹਾਸਲ ਕਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਜਦੋਂ ਤੱਕ ਟੀਚਾ ਪ੍ਰਾਪਤ ਨਹੀਂ ਹੁੰਦਾ ਉਦੋਂ ਤੱਕ ਰੁਕਣਾ ਨਹੀਂ ਚਾਹੀਦਾ, ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਦੇ ਦਮ ‘ਤੇ ਦੇਸ਼-ਵਿਦੇਸ਼ ‘ਚ ਆਪਣਾ ਪ੍ਰਭਾਵ ਸਥਾਪਿਤ ਕੀਤਾ ਹੈ। ਨੌਜਵਾਨਾਂ ਨੇ ਖੇਡਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ, ਫੌਜਾਂ ਅਤੇ ਕਲਾਵਾਂ ‘ਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ।

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਅਤੇ ਹੋਰ ਸਕਾਰਾਤਮਕ ਗਤੀਵਿਧੀਆਂ ‘ਚ ਸ਼ਾਮਲ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਿਟ ਇੰਡੀਆ ਮੂਵਮੈਂਟ ਸ਼ੁਰੂ ਕੀਤਾ ਹੈ, ਤਾਂ ਜੋ ਨੌਜਵਾਨ ਫਿੱਟ ਰਹਿ ਸਕਣ ਅਤੇ ਰਾਸ਼ਟਰ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਣ।

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ (Haryana Government) ਵੱਲੋਂ ਨਸ਼ੇ (Drugs) ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਧੰਦੇ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਇੱਕ ਨਵਾਂ ਪੋਰਟਲ ਸ਼ੁਰੂ ਕਰਨ ਜਾ ਰਹੀ ਹੈ, ਜਿਸ ‘ਤੇ ਆਮ ਲੋਕ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਰਕਾਰ ਨੂੰ ਸਿੱਧੇ ਤੌਰ ‘ਤੇ ਦੇ ਸਕਣਗੇ। ਅਜਿਹੀ ਸੂਚਨਾ ਦੇਣ ਵਾਲਿਆਂ ਦੇ ਨਾਂ ਗੁਪਤ ਰੱਖੇ ਜਾਣਗੇ।

Read More: Haryana News: ਟਰਾਂਸਪੋਰਟ ਮੰਤਰੀ ਅਨਿਲ ਵਿਜ ਦਾ ਦਾਅਵਾ, ਦਿੱਲੀ ‘ਚ ਇਸ ਵਾਰ ਬਣੇਗੀ ਭਾਜਪਾ ਦੀ ਸਰਕਾਰ

Scroll to Top