ਹਰਿਆਣਾ, 05 ਸਤੰਬਰ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ‘ਚ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਸਰਕਾਰ ਰਾਜ ਦੇ ਮੋਹਰੀ ਸਟਾਰਟਅੱਪਸ, ਕਾਰਪੋਰੇਟਸ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਰਾਜ ‘ਚ ਇੱਕ ਵਿਸ਼ਵ ਪੱਧਰੀ ਇਨਕਿਊਬੇਟਰ ਸਥਾਪਤ ਕਰੇਗੀ।
ਇਸ ‘ਚ ਸਟਾਰਟਅੱਪਸ ਲਈ ਅਤਿ-ਆਧੁਨਿਕ ਸਹੂਲਤਾਂ ਹੋਣਗੀਆਂ। ਇਸਦੇ ਨਾਲ ਹੀ ਭਾਰਤ ਸਰਕਾਰ ਦੇ ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਮੁਤਾਬਕ ਹਰਿਆਣਾ ਸਰਕਾਰ ਸੂਬੇ ‘ਚ ਸੈਮੀਕੰਡਕਟਰ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਰਪਿਤ ਨੀਤੀ ਵੀ ਤਿਆਰ ਕਰੇਗੀ। ਇਸ ਤੋਂ ਇਲਾਵਾ, ਹਰਿਆਣਾ ਸਰਕਾਰ ਗੁਰੂਗ੍ਰਾਮ ਅਤੇ ਹਰਿਆਣਾ ਨੂੰ ਦੁਨੀਆ ਦੀ ਗਲੋਬਲ ਸਮਰੱਥਾ ਕੇਂਦਰ ਰਾਜਧਾਨੀ ਵਜੋਂ ਵਿਕਸਤ ਕਰਨ ਦਾ ਉਦੇਸ਼ ਰੱਖਦੀ ਹੈ। ਇਸ ਸਬੰਧ ‘ਚ ਸਰਕਾਰ ਗਲੋਬਲ ਸਮਰੱਥਾ ਕੇਂਦਰਾਂ ਲਈ ਇੱਕ ਵਿਸ਼ੇਸ਼ ਨੀਤੀ ਵੀ ਤਿਆਰ ਕਰੇਗੀ।
ਮੁੱਖ ਮੰਤਰੀ ਨਾਇਬ ਸੈਣੀ ਵੀਰਵਾਰ ਨੂੰ ਗੁਰੂਗ੍ਰਾਮ ‘ਚ “ਸਟਾਰਟਅੱਪਸ ਅਤੇ ਉਦਯੋਗ ਦੇ ਆਗੂਆਂ ਨਾਲ ਗੱਲਬਾਤ” ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਹ ਪ੍ਰੋਗਰਾਮ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ (HSIIDC) ਦੁਆਰਾ ਆਯੋਜਿਤ ਕੀਤਾ ਗਿਆ ਸੀ।
ਸੀਐੱਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ‘ਚ ਸਥਾਪਿਤ ਕੀਤੇ ਜਾਣ ਵਾਲੇ ਵਿਸ਼ਵ ਪੱਧਰੀ ਇਨਕਿਊਬੇਟਰ (H-HUB) ‘ਚ ਸਮਰਪਿਤ ਪਲੱਗ ਐਂਡ ਪਲੇ ਵਰਕਸਪੇਸ, ਮੀਟਿੰਗ ਰੂਮ ਆਦਿ, ਉੱਚ ਪ੍ਰਦਰਸ਼ਨ ਵਾਲੇ ਕੰਪਿਊਟਿੰਗ ਸਰੋਤ, ਉੱਭਰਦੀਆਂ ਤਕਨਾਲੋਜੀਆਂ ‘ਚ ਖੋਜ ਕਰਨ ਲਈ ਨਵੀਨਤਮ ਉਪਕਰਣਾਂ ਨਾਲ ਸਮਰਪਿਤ ਨਵੀਨਤਾ ਪ੍ਰਯੋਗਸ਼ਾਲਾਵਾਂ, ਪ੍ਰੋਟੋਟਾਈਪਿੰਗ ਕੇਂਦਰ ਆਦਿ ਹੋਣਗੇ। ਇਨ੍ਹਾਂ ਨਾਲ ਹਰਿਆਣਾ ਦੇ ਸਟਾਰਟਅੱਪ ਅਤਿ-ਆਧੁਨਿਕ ਖੋਜ ਅਤੇ ਵਿਕਾਸ ਗਤੀਵਿਧੀਆਂ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਇੱਕ ਨਵੀਂ ਉਦਯੋਗਿਕ ਨੀਤੀ ਤਿਆਰ ਕਰਨ ‘ਤੇ ਕੰਮ ਕਰ ਰਿਹਾ ਹੈ। ਇਸ ਦੇ ਨਾਲ, ਸਰਕਾਰ ਵੱਖ-ਵੱਖ ਖੇਤਰਾਂ ਲਈ ਨਵੀਆਂ ਨੀਤੀਆਂ ਵੀ ਤਿਆਰ ਕਰ ਰਹੀ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “ਮੇਕ ਇਨ ਇੰਡੀਆ” ਅਤੇ “ਡਿਜ਼ਾਈਨ ਇਨ ਇੰਡੀਆ” ਰਾਹੀਂ ਭਾਰਤ ਨੂੰ ਵਿਕਸਤ ਕਰਨ ਦਾ ਸੱਦਾ ਦਿੱਤਾ ਹੈ। ਇਸੇ ਤਰਜ਼ ‘ਤੇ, ਰਾਜ ਸਰਕਾਰ ਨੇ ਵੀ ਵਿਕਸਤ ਹਰਿਆਣਾ ਦਾ ਟੀਚਾ ਰੱਖਿਆ ਹੈ ਅਤੇ ਇਸ ਲਈ ਮੁੱਖ ਮੰਤਰੀ ਨੇ ਸਾਰੇ ਉਦਯੋਗਪਤੀਆਂ ਨੂੰ “ਮੇਕ ਇਨ ਹਰਿਆਣਾ” ਅਤੇ “ਡਿਜ਼ਾਈਨ ਇਨ ਹਰਿਆਣਾ” ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਰਾਜ ਦੇ ਬਜਟ 2025-26 ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਰਾਜ ‘ਚ 10 ਨਵੇਂ ਆਈਐਮਟੀ ਵਿਕਸਤ ਕੀਤੇ ਜਾ ਰਹੇ ਹਨ, ਜੋ ਕਿ ਅਤਿ-ਆਧੁਨਿਕ ਉਦਯੋਗਿਕ ਅਤੇ ਸਟਾਰਟਅੱਪ ਬੁਨਿਆਦੀ ਢਾਂਚੇ ਨਾਲ ਲੈਸ ਹੋਣਗੇ। ਇਸ ਲਈ, ਈ-ਭੂਮੀ ਪੋਰਟਲ ‘ਤੇ ਜ਼ਮੀਨ ਮਾਲਕਾਂ ਵੱਲੋਂ ਲਗਭਗ 20 ਹਜ਼ਾਰ ਏਕੜ ਜ਼ਮੀਨ ਵੀ ਸਵੈ-ਇੱਛਾ ਨਾਲ ਪੇਸ਼ ਕੀਤੀ ਹੈ। ਨਿਵੇਸ਼ਕਾਂ ਨੂੰ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਈਐਮਟੀ ‘ਚ ਉਦਯੋਗ ਸਥਾਪਤ ਕਰਨ ਨਾਲ, ਉਦਯੋਗਾਂ ਨੂੰ ਸਰਕਾਰ ਵੱਲੋਂ ਇੱਕ ਛੱਤ ਹੇਠ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ।
Read More: ਜੀਐਸਟੀ ਦਰਾਂ ਘਟਾਉਣ ਦੇ ਫੈਸਲੇ ਨਾਲ ਸਾਰੇ ਵਰਗਾਂ ਨੂੰ ਮਿਲੇਗਾ ਫਾਇਦਾ: ਅਨਿਲ ਵਿਜ