ਹਰਿਆਣਾ, 19 ਜੁਲਾਈ 2025: ਹਰਿਆਣਾ ਦੇ ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਦੇਸ਼’ਚ ਸਭ ਤੋਂ ਵਧੀਆ ਹੈ। ਇਸ ਦੇ ਨਤੀਜੇ ਵਜੋਂ, ਸਾਡੇ ਖਿਡਾਰੀ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਸਭ ਤੋਂ ਵੱਧ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾ ਰਹੇ ਹਨ। ਇਨ੍ਹਾਂ ਖਿਡਾਰੀਆਂ ਨੂੰ ਤਿਆਰ ਕਰਨ ‘ਚ ਕੋਚਾਂ ਦਾ ਵਿਸ਼ੇਸ਼ ਯੋਗਦਾਨ ਹੈ, ਸਰਕਾਰ ਕੋਚਾਂ ਨੂੰ ਪੂਰਾ ਸਨਮਾਨ ਦਿੰਦੀ ਹੈ।
ਇਸ ਲੜੀ ਤਹਿਤ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਤਗਮਾ ਜੇਤੂ ਖਿਡਾਰੀਆਂ ਦੇ 31 ਕੋਚਾਂ ਲਈ 3.66 ਕਰੋੜ ਰੁਪਏ ਦੇ ਨਕਦ ਪੁਰਸਕਾਰ ਪਾਸ ਕੀਤੇ ਗਏ ਹਨ। ਉਨ੍ਹਾਂ ਨੂੰ ਛੇਤੀ ਹੀ ਪੁਰਸਕਾਰ ਰਾਸ਼ੀ ਮਿਲੇਗੀ। ਹੋਰ ਕੋਚਾਂ ਅਤੇ ਖਿਡਾਰੀਆਂ ਨੂੰ ਵੀ ਛੇਤੀ ਹੀ ਨਕਦ ਪੁਰਸਕਾਰ ਦਿੱਤੇ ਜਾਣਗੇ।
ਖੇਡ ਮੰਤਰੀ ਗੌਰਵ ਗੌਤਮ ਨੇ ਸੂਬੇ ਦੇ ਕੋਚਾਂ ਨੂੰ ਖਿਡਾਰੀਆਂ ਨੂੰ ਹੋਰ ਲਗਨ ਅਤੇ ਮਿਹਨਤ ਨਾਲ ਅਭਿਆਸ ਕਰਨ ਲਈ ਕਿਹਾ ਹੈ, ਤਾਂ ਜੋ ਖਿਡਾਰੀ ਦੇਸ਼ ਲਈ ਹੋਰ ਤਗਮੇ ਜਿੱਤ ਸਕਣ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹਾਲ ਹੀ ‘ਚ ਚੌਥੀਆਂ ਪੈਰਾ ਏਸ਼ੀਅਨ ਖੇਡਾਂ 2022 ‘ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਲਈ ਲਗਭਗ 32 ਕਰੋੜ ਰੁਪਏ ਦੀ ਨਕਦ ਇਨਾਮ ਜਾਰੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਓਲੰਪਿਕ ‘ਚ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 7 ਕਰੋੜ ਰੁਪਏ, ਚਾਂਦੀ ਤਗਮਾ ਜਿੱਤਣ ਵਾਲੇ ਨੂੰ 5 ਕਰੋੜ ਰੁਪਏ ਅਤੇ ਕਾਂਸੀ ਤਗਮਾ ਜਿੱਤਣ ਵਾਲੇ ਨੂੰ 3 ਕਰੋੜ ਰੁਪਏ ਦਾ ਇਨਾਮ ਦਿੰਦੀ ਹੈ। ਇਸੇ ਤਰ੍ਹਾਂ ਖਿਡਾਰੀਆਂ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਬਣਾਉਣ ਲਈ ਨੌਕਰੀਆਂ ਵਿੱਚ ਤਿੰਨ ਪ੍ਰਤੀਸ਼ਤ ਕੋਟਾ ਵੀ ਦਿੱਤਾ ਜਾਂਦਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਖਿਡਾਰੀਆਂ ਲਈ ਵੱਧ ਤੋਂ ਵੱਧ ਖੇਡ ਮੈਦਾਨ, ਤਜਰਬੇਕਾਰ ਕੋਚ ਅਤੇ ਬਿਹਤਰ ਖੇਡ ਉਪਕਰਣ ਪ੍ਰਦਾਨ ਕਰਨਾ ਹੈ। ਸਰਕਾਰ ਇਸ ਦਿਸ਼ਾ ‘ਚ ਵੀ ਤੇਜ਼ ਰਫ਼ਤਾਰ ਨਾਲ ਕੰਮ ਕਰ ਰਹੀ ਹੈ। ਸਾਡੇ ਖਿਡਾਰੀਆਂ ਨੂੰ ਵੀ ਇਸਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ‘ਚ ਹਿੱਸਾ ਲੈਣ ਅਤੇ ਤਗਮੇ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਸੱਦਾ ਦਿੱਤਾ ਹੈ।
Read More: CM ਨਾਇਬ ਸਿੰਘ ਸੈਣੀ ਵੱਲੋਂ ਜੁਲਾਣਾ ਵਿਧਾਨ ਸਭਾ ਦੇ ਵਸਨੀਕਾਂ ਨੂੰ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ