ਛੱਠ ਪੂਜਾ

ਛੱਠ ਪੂਜਾ ‘ਤੇ ਸ਼ਰਧਾਲੂਆਂ ਲਈ ਹਰਿਆਣਾ ਸਰਕਾਰ ਵੱਲੋਂ ਬਿਹਾਰ ਲਈ ਏਸੀ ਬੱਸਾਂ ਦੀ ਸ਼ੁਰੂਆਤ

ਹਰਿਆਣਾ, 23 ਅਕਤੂਬਰ 2025: ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਛੱਠ ਪੂਜਾ ਦੇ ਸ਼ੁਭ ਮੌਕੇ ‘ਤੇ ਬਿਹਾਰ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਹਰਿਆਣਾ ਤੋਂ ਬਿਹਾਰ ਲਈ ਵਿਸ਼ੇਸ਼ ਏਸੀ ਬੱਸ ਸੇਵਾਵਾਂ ਸ਼ੁਰੂਆਤ ਕੀਤੀ ਹੈ।

ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਾਨੂੰ ਬਿਹਾਰ ਸਰਕਾਰ ਤੋਂ ਇੱਕ ਪੱਤਰ ਮਿਲਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਹਰਿਆਣਾ ‘ਚ ਕੰਮ ਕਰਨ ਵਾਲੇ ਵੱਡੀ ਗਿਣਤੀ ‘ਚ ਬਿਹਾਰ ਦੇ ਲੋਕ ਛੱਠ ਪੂਜਾ ਲਈ ਆਪਣੇ ਗ੍ਰਹਿ ਸੂਬੇ ਜਾਣਾ ਚਾਹੁੰਦੇ ਹਨ। ਇਸ ਮੰਗ ਨੂੰ ਧਿਆਨ ‘ਚ ਰੱਖਦੇ ਹੋਏ, ਅਸੀਂ ਬਿਹਾਰ ਲਈ ਵਿਸ਼ੇਸ਼ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ, ਅਤੇ ਇਹ ਸੇਵਾ ਹੁਣ ਸ਼ੁਰੂ ਕੀਤੀ ਹੈ।”

ਟਰਾਂਸਪੋਰਟ ਮੰਤਰੀ ਨੇ ਕਿਹਾ, “ਹਰਿਆਣਾ ਤੋਂ ਬਿਹਾਰ ਤੱਕ ਦੇ ਰੂਟ ਦੀ ਲੰਬਾਈ ਦੇ ਕਾਰਨ, ਯਾਤਰਾ ਦੌਰਾਨ ਯਾਤਰੀਆਂ ਲਈ ਪੂਰੀ ਸਹੂਲਤ ਅਤੇ ਆਰਾਮ ਨੂੰ ਯਕੀਨੀ ਬਣਾਉਣ ਲਈ ਏਸੀ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਸ਼ਰਧਾਲੂ ਆਪਣੇ ਪਰਿਵਾਰਾਂ ਨਾਲ ਛੱਠ ਮਨਾਉਂਦੇ ਹੋਏ ਇੱਕ ਸੁਰੱਖਿਅਤ, ਸਮੇਂ ਸਿਰ ਅਤੇ ਆਨੰਦਦਾਇਕ ਯਾਤਰਾ ਦਾ ਆਨੰਦ ਮਾਣ ਸਕਣ।”

ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੇ ਲੋਕਾਂ ਦੀਆਂ ਜ਼ਰੂਰੀ ਜ਼ਰੂਰਤਾਂ ਨੂੰ ਸਮਝਦੀ ਹੈ ਅਤੇ ਜਨਤਕ ਹਿੱਤ ‘ਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਹਰ ਕਿਸੇ ਨੂੰ ਬਿਹਤਰ ਜਨਤਕ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਭਾਵੇਂ ਉਹ ਮਜ਼ਦੂਰ ਹੋਣ, ਕਾਰੋਬਾਰੀ ਹੋਣ ਜਾਂ ਵਿਦਿਆਰਥੀ।”

ਜਿਕਰਯੋਗ ਹੈ ਕਿ ਇਹ ਬੱਸਾਂ ਅੰਬਾਲਾ ਤੋਂ ਪੂਰਨੀਆ ਲਈ ਸ਼ਾਮ 4:00 ਵਜੇ, ਅੰਬਾਲਾ ਤੋਂ ਪੂਰਨੀਆ ਲਈ ਸ਼ਾਮ 4:30 ਵਜੇ, ਅਤੇ ਅੰਬਾਲਾ ਤੋਂ ਮਧੂਬਨੀ ਲਈ ਸ਼ਾਮ 5:00 ਵਜੇ ਰਵਾਨਾ ਹੋਣਗੀਆਂ। ਇਸੇ ਤਰ੍ਹਾਂ, ਪਾਣੀਪਤ ਤੋਂ ਮਧੂਬਨੀ ਲਈ ਦੁਪਹਿਰ 12:00 ਵਜੇ, ਦੁਪਹਿਰ 3:00 ਵਜੇ ਅਤੇ ਸ਼ਾਮ 5:00 ਵਜੇ ਬੱਸਾਂ ਰਵਾਨਾ ਹੋਣਗੀਆਂ।

ਇਸੇ ਤਰ੍ਹਾਂ, ਗੁਰੂਗ੍ਰਾਮ ਦੇ ਰਾਜੀਵ ਚੌਕ ਤੋਂ ਬੇਗੂਸਰਾਏ ਲਈ ਸ਼ਾਮ 5 ਵਜੇ, ਗੁਰੂਗ੍ਰਾਮ ਤੋਂ ਪਟਨਾ ਲਈ ਸ਼ਾਮ 6 ਵਜੇ ਅਤੇ ਗੁਰੂਗ੍ਰਾਮ ਤੋਂ ਗਯਾ ਲਈ ਸ਼ਾਮ 7 ਵਜੇ ਬੱਸਾਂ ਰਵਾਨਾ ਹੋਣਗੀਆਂ।
ਯਾਤਰੀਆਂ ਲਈ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਲਈ ਕੁੱਲ 14 ਬੱਸਾਂ ਵਾਰੀ-ਵਾਰੀ ਚਲਾਈਆਂ ਜਾ ਰਹੀਆਂ ਹਨ। ਇਹ ਬੱਸ ਸੇਵਾਵਾਂ ਬਿਹਾਰ ਸਟੇਟ ਟ੍ਰਾਂਸਪੋਰਟ ਅੰਡਰਟੇਕਿੰਗ ਦੁਆਰਾ ਪ੍ਰਾਈਵੇਟ ਆਪਰੇਟਰਾਂ ਨਾਲ ਇਕਰਾਰਨਾਮੇ ਰਾਹੀਂ ਚਲਾਈਆਂ ਜਾ ਰਹੀਆਂ ਹਨ।

Read More: CM ਨਾਇਬ ਸੈਣੀ ਨੇ ਵਿਸ਼ਵਕਰਮਾ ਦਿਵਸ ‘ਤੇ ਹਰਿਆਣਾ ਵਾਸੀਆਂ ਨੂੰ ਦਿੱਤੀਆਂ ਹਾਰਦਿਕ ਸ਼ੁਭਕਾਮਨਾਵਾਂ

Scroll to Top