ਚੰਡੀਗੜ, 19 ਫਰਵਰੀ 2025: ਹਰਿਆਣਾ ਸਰਕਾਰ ਨੇ ਬਰਮਿੰਘਮ ਯੂਨੀਵਰਸਿਟੀ (Birmingham University) ਨਾਲ ਬਾਗਬਾਨੀ ਫਸਲਾਂ ਲਈ ਹਰਿਆਣਾ-ਯੂਕੇ ਸੈਂਟਰ ਆਫ ਐਕਸੀਲੈਂਸ ਆਨ ਸਸਟੇਨੇਬਲ ਕ੍ਰਾਪ ਪੋਸਟ-ਹਾਰਵੇਸਟ ਮੈਨੇਜਮੈਂਟ ਐਂਡ ਕੋਲਡ ਚੇਨ ਪੰਚਕੂਲਾ ‘ਚ ਸਥਾਪਿਤ ਕਰਨ ਲਈ ਇੱਕ ਸਮਝੌਤਾ ਮੈਮੋ (ਐਮਓਯੂ) ‘ਤੇ ਹਸਤਾਖਰ ਕੀਤੇ ਹਨ।
ਪੰਚਕੂਲਾ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਇਸ ਅਤਿ-ਆਧੁਨਿਕ ਕੇਂਦਰ ਦਾ ਉਦੇਸ਼ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਉਣਾ ਹੈ, ਜਦੋਂ ਕਿ ਖੇਤ ਤੋਂ ਖਪਤਕਾਰ ਤੱਕ ਬਾਗਬਾਨੀ ਉਤਪਾਦਾਂ ਦੀ ਗੁਣਵੱਤਾ ਅਤੇ ਤਾਜ਼ਗੀ ਨੂੰ ਬਣਾਈ ਰੱਖਣਾ ਹੈ। ਇਸ ਸਮਝੌਤੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਦੀ ਮੌਜੂਦਗੀ ‘ਚ ਹਸਤਾਖਰ ਕੀਤੇ ਗਏ।
ਇਸ ਸਮਝੌਤੇ ‘ਤੇ ਹਰਿਆਣਾ ਸਰਕਾਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡੂਰੁ ਨੇ ਹਸਤਾਖਰ ਕੀਤੇ, ਜਦੋਂ ਕਿ ਯੂਨੀਵਰਸਿਟੀ ਵੱਲੋਂ, ਇਸ ‘ਤੇ ਬਰਮਿੰਘਮ ਯੂਨੀਵਰਸਿਟੀ (Birmingham University) ਦੇ ਪ੍ਰੋ-ਵਾਈਸ ਚਾਂਸਲਰ (ਇੰਟਰਨੈਸ਼ਨਲ) ਪ੍ਰੋਫੈਸਰ ਰੌਬਿਨ ਮੇਸਨ ਨੇ ਹਸਤਾਖਰ ਕੀਤੇ।
ਇਸ ਮੌਕੇ ‘ਤੇ ਬੋਲਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦਾ ਅਨਾਜ ਭੰਡਾਰ ਹੋਣ ਦੇ ਨਾਤੇ, ਹਰਿਆਣਾ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ‘ਚ ਤੇਜ਼ੀ ਨਾਲ ਵਿਭਿੰਨਤਾ ਲਿਆ ਰਿਹਾ ਹੈ। ਇਸ ਵਿਸਥਾਰ ਲਈ ਇਸ ਬਾਗਬਾਨੀ ਖੇਤਰ ‘ਚ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਕੋਲਡ ਚੇਨ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੈਂਟਰ ਆਵ੍ ਐਕਸੀਲੈਂਸ ਹਰਿਆਣਾ ‘ਚ ਗੁਣਵੱਤਾ ਯਕੀਨੀ ਬਣਾਉਣ, ਬਰਬਾਦੀ ਘਟਾਉਣ ਅਤੇ ਕਿਸਾਨ ਭਾਈਚਾਰੇ ਦੀ ਸਹਾਇਤਾ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਸੈਂਟਰ ਆਫ਼ ਐਕਸੀਲੈਂਸ ਇੱਕੋ ਛੱਤ ਹੇਠ ਇੱਕ ਵਿਆਪਕ ਖੋਜ ਅਤੇ ਜਾਂਚ ਕੇਂਦਰ ਵਜੋਂ ਕੰਮ ਕਰੇਗਾ, ਜੋ ਫਲਾਂ ਅਤੇ ਸਬਜ਼ੀਆਂ ਦੀ ਕਟਾਈ ਤੋਂ ਬਾਅਦ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਹੈ। ਇਹ ਸੀਸੀਐਸ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (ਸੀਸੀਐਸ ਐੱਚਏਯੂ), ਹਿਸਾਰ ਅਤੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਮਹੱਤਵਪੂਰਨ ਖੋਜ ਅਤੇ ਜਾਂਚ ਸੇਵਾਵਾਂ ਵੀ ਪ੍ਰਦਾਨ ਕਰੇਗਾ, ਜੋ ਉਨ੍ਹਾਂ ਨੂੰ ਵਾਢੀ ਤੋਂ ਬਾਅਦ ਪ੍ਰਬੰਧਨ ਅਤੇ ਕੋਲਡ ਚੇਨ ਤਕਨਾਲੋਜੀ ਦੇ ਖੇਤਰ ‘ਚ ਅਧਿਐਨ ਕਰਨ ਅਤੇ ਪ੍ਰਯੋਗ ਕਰਨ ‘ਚ ਸਹਾਇਤਾ ਕਰੇਗਾ।
ਹਰਿਆਣਾ-ਯੂਕੇ ਸੈਂਟਰ ਆਫ਼ ਐਕਸੀਲੈਂਸ ਦੇ ਮੁੱਖ ਉਦੇਸ਼ਾਂ ‘ਚ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕੋਲ ਵਿਕਸਤ ਕਰਕੇ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣਾ, ਟੈਸਟਿੰਗ ਸਹੂਲਤਾਂ ਪ੍ਰਦਾਨ ਕਰਕੇ ਕੋਲਡ ਚੇਨ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਬਾਗਬਾਨੀ ਉਤਪਾਦਾਂ ਲਈ ਕੁਸ਼ਲ ਕੋਲਡ ਚੇਨ ਨੂੰ ਯਕੀਨੀ ਬਣਾਉਣ ਵਿੱਚ ਤਰੱਕੀ ਦਾ ਸਮਰਥਨ ਕਰਨਾ ਸ਼ਾਮਲ ਹੈ।
Read More: Haryana: ਕਾਂਗਰਸ ਨੂੰ ਵੱਡਾ ਝਟਕਾ, ਇਸ ਉਮੀਦਵਾਰ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ