ਹਰਿਆਣਾ, 11 ਜੂਨ 2025: promotes 844 teachers: ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਉਦੇਸ਼ ਸਰਕਾਰੀ ਸਕੂਲਾਂ ‘ਚ ਸਿੱਖਿਆ ਦੇ ਪੱਧਰ ਨੂੰ ਹੋਰ ਬਿਹਤਰ ਬਣਾਉਣਾ ਹੈ। ਇਸ ਲੜੀ ਤਹਿਤ 844 ਅਧਿਆਪਕਾਂ ਨੂੰ ਤਰੱਕੀ ਦਿੱਤੀ ਹੈ, ਜਿਨ੍ਹਾਂ ‘ਚ 4 ਪ੍ਰਿੰਸੀਪਲ ਸ਼ਾਮਲ ਹਨ। ਇਸੇ ਤਰ੍ਹਾਂ ਬੀਈਓ ਅਤੇ ਡੀਈਓ ਨੂੰ ਵੀ ਛੇਤੀ ਹੀ ਤਰੱਕੀ ਦਿੱਤੀ ਜਾਵੇਗੀ। ਅਧਿਆਪਕਾਂ ਦਾ ਵੀ ਛੇਤੀ ਹੀ ਤਬਾਦਲਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 35 ਕੈਮਿਸਟਰੀ ਅਤੇ 18 ਟੀਜੀਟੀ (ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ) ਨੂੰ ਪੀਜੀਟੀ (ਪੋਸਟ ਗ੍ਰੈਜੂਏਟ ਅਧਿਆਪਕ) ਵਜੋਂ ਤਰੱਕੀ ਦਿੱਤੀ ਗਈ ਹੈ। ਸੰਸਕ੍ਰਿਤ ਅਤੇ ਅੰਗਰੇਜ਼ੀ ਦੇ 1-1 ਪੀਜੀਟੀ, ਹਿੰਦੀ ਦੇ 2 ਪੀਜੀਟੀ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ। ਇਸੇ ਤਰ੍ਹਾਂ ਕਾਮਰਸ ਦੇ 4 ਟੀਜੀਟੀ, ਅੰਗਰੇਜ਼ੀ ਦੇ 207, ਭੂਗੋਲ ਦੇ 1, ਇਤਿਹਾਸ ਦੇ 203, ਰਾਜਨੀਤੀ ਸ਼ਾਸਤਰ ਦੇ 137, ਸਮਾਜ ਸ਼ਾਸਤਰ ਦੇ 13, ਸੰਸਕ੍ਰਿਤ ਦੇ 150, ਗ੍ਰਹਿ ਵਿਗਿਆਨ ਦੇ 37 ਅਤੇ ਹਿੰਦੀ ਦੇ 35 ਟੀਜੀਟੀ ਨੂੰ ਪੀਜੀਟੀ ‘ਚ ਤਰੱਕੀ ਦਿੱਤੀ ਹੈ।
ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਰਕਾਰ ਨੇ ਹਰਿਆਣਾ ਦੇ ਹਰ ਸਰਕਾਰੀ ਸਕੂਲ ਦਾ ਬੁਨਿਆਦੀ ਢਾਂਚਾ ਵਿਕਾਸ ਪੂਰਾ ਕਰ ਲਿਆ ਹੈ ਅਤੇ ਹੋਰ ਸਮੱਸਿਆਵਾਂ ਵੀ ਛੇਤੀ ਹੀ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਕੋਰਸ ਤਿਆਰ ਕੀਤੇ ਜਾ ਰਹੇ ਹਨ, ਤਾਂ ਜੋ ਵਿਦਿਆਰਥੀ ਚੁਣੌਤੀਆਂ ਨਾਲ ਨਜਿੱਠ ਸਕਣ। ਹੁਨਰ ਅਧਾਰਤ ਸਿੱਖਿਆ ਭਾਰਤ ਦੇ ਵਿਕਾਸ ‘ਚ ਵੀ ਯੋਗਦਾਨ ਪਾਵੇਗੀ। ਇਸ ਨੂੰ ਧਿਆਨ ‘ਚ ਰੱਖਦੇ ਹੋਏ, ਕੋਰਸ ਵੀ ਤਿਆਰ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਅਧਿਆਪਕਾਂ ਦੀ ਤਬਾਦਲਾ ਮੁਹਿੰਮ ਛੇਤੀ ਹੀ ਵੱਖ-ਵੱਖ ਪੜਾਵਾਂ ‘ਚ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਬੱਚਿਆਂ ਦੀ ਸਿੱਖਿਆ ਸੁਚਾਰੂ ਢੰਗ ਨਾਲ ਜਾਰੀ ਰਹੇ। ਉਨ੍ਹਾਂ ਕਿਹਾ ਕਿ ਹਰ 10 ਕਿਲੋਮੀਟਰ ਦੇ ਘੇਰੇ ‘ਚ ਇੱਕ ਨਵਾਂ ਮਾਡਲ ਸੰਸਕ੍ਰਿਤੀ ਸਕੂਲ ਖੋਲ੍ਹਿਆ ਜਾਵੇਗਾ, ਤਾਂ ਜੋ ਵਿਦਿਆਰਥੀ ਬਿਹਤਰ ਸਿੱਖਿਆ ਪ੍ਰਾਪਤ ਕਰ ਸਕਣ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਦ੍ਰਿਸ਼ਟੀਕੋਣ ਸਰਕਾਰੀ ਸਕੂਲਾਂ ‘ਚ ਬੱਚਿਆਂ ਲਈ ਈ-ਲਾਇਬ੍ਰੇਰੀਆਂ ਹੋਣਾ ਹੈ। ਸਰਕਾਰ 197 ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲਾਂ ਅਤੇ 250 ਪੀਐਮ ਸਕੂਲਾਂ ‘ਚ ਈ-ਲਾਇਬ੍ਰੇਰੀਆਂ ਦਾ ਨਿਰਮਾਣ ਕਰੇਗੀ।
Read More: ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ- ਸਿੱਖਿਆ ਮੰਤਰੀ ਮਹੀਪਾਲ ਢਾਂਡਾ