ਹਰਿਆਣਾ, 25 ਜੁਲਾਈ 2025: ਸਰਕਾਰ ਨੇ ਹਰਿਆਣਾ ਸੀਈਟੀ ਪ੍ਰੀਖਿਆ ‘ਚ ਨਕਲ ਰੋਕਣ ਲਈ ਇੱਕ ਮੈਗਾ ਪਲਾਨ ਬਣਾਇਆ ਹੈ। ਇਸ ਬਾਰੇ ਏਸੀਐਸ ਹੋਮ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਨਾਇਬ ਸੈਣੀ ਸੀਈਟੀ ਪ੍ਰਤੀ ਬਹੁਤ ਗੰਭੀਰ ਹਨ। ਉਨ੍ਹਾਂ ਨੇ ਆਪਣੇ ਪੱਧਰ ‘ਤੇ ਇਸ ਬਾਰੇ ਕਈ ਬੈਠਕਾਂ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੌਰਾਨ ਪੁਲਿਸ ਵਿਭਾਗ ਦੀ ਵੱਡੀ ਭੂਮਿਕਾ ਹੈ। ਸਾਰੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਬੀਐਨਐਸ 163 ਲਗਾਇਆ ਗਿਆ ਹੈ, ਪੁਲਿਸ ਨੂੰ ਗਸ਼ਤ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ। ਟ੍ਰੈਫਿਕ ਡਿਊਟੀ ਵਧਾਈ ਗਈ ਹੈ, ਕਿਤੇ ਵੀ ਕੋਈ ਜਾਮ ਨਹੀਂ ਹੋਣਾ ਚਾਹੀਦਾ ਤਾਂ ਜੋ ਉਮੀਦਵਾਰ ਛੇਤੀ ਤੋਂ ਛੇਤੀ ਪ੍ਰੀਖਿਆ ਕੇਂਦਰ ਪਹੁੰਚ ਸਕਣ। ਹਰ ਜ਼ਿਲ੍ਹੇ ‘ਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
ਡੀਸੀ ਇੰਟਰਨੈੱਟ ਬੰਦ ਕਰਨ ਦਾ ਫੈਸਲਾ ਲੈਣਗੇ
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰ ਦੇ ਅੰਦਰ ਸਿਰਫ਼ ਅਧਿਕਾਰਤ ਲੋਕ ਹੀ ਜਾ ਸਕਣਗੇ, ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪ੍ਰੀਖਿਆ ਲਈ 5 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਡਿਊਟੀ ‘ਤੇ ਲਗਾਇਆ ਗਿਆ ਹੈ। ਡਾ. ਮਿਸ਼ਰਾ ਨੇ ਕਿਹਾ ਕਿ ਅਸੀਂ ਹਰਿਆਣਾ ਦੇ ਸੰਵੇਦਨਸ਼ੀਲ ਪ੍ਰੀਖਿਆ ਕੇਂਦਰ ਬਾਰੇ ਖੁਫੀਆ ਵਿਭਾਗ ਦੀ ਰਿਪੋਰਟ ਲੈ ਲਈ ਹੈ, ਉੱਥੇ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ। ਸਬੰਧਤ ਜ਼ਿਲ੍ਹੇ ਦੇ ਡੀਸੀ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਇੰਟਰਨੈੱਟ ਸੇਵਾ ਬੰਦ ਕਰ ਦੇਣੀ ਚਾਹੀਦੀ ਹੈ, ਤਾਂ ਇਸ ‘ਤੇ ਵਿਚਾਰ ਕਰੋ।
ਸੰਵੇਦਨਸ਼ੀਲ ਸੂਚੀ ‘ਚ 200 ਪ੍ਰੀਖਿਆ ਕੇਂਦਰ
ਉਨ੍ਹਾਂ ਦੱਸਿਆ ਕਿ 150-200 ਕੇਂਦਰ ਜੋ ਸੰਵੇਦਨਸ਼ੀਲ ਹਨ, ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ੇਸ਼ ਤੌਰ ‘ਤੇ ਸੰਵੇਦਨਸ਼ੀਲ ਕੇਂਦਰਾਂ ‘ਤੇ ਨਜ਼ਰ ਰੱਖਾਂਗੇ। ਪਹਿਲਾਂ ਦੀਆਂ ਪ੍ਰੀਖਿਆਵਾਂ ‘ਚ ਪੇਪਰ ਲੀਕ ਹੋਣ ਦੀਆਂ ਰਿਪੋਰਟਾਂ ਆਈਆਂ ਹਨ, ਅਸੀਂ ਸ਼ੱਕੀ ਲੋਕਾਂ ਦੀ ਸੂਚੀ ਬਣਾਈ ਹੈ। ਅਸੀਂ ਸ਼ੱਕੀ ਲੋਕਾਂ ‘ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਕੋਚਿੰਗ ਸੈਂਟਰਾਂ ‘ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਆਦੇਸ਼ ਦਿੱਤੇ ਹਨ। ਉਨ੍ਹਾਂ ਨੂੰ ਪ੍ਰੀਖਿਆ ਵਾਲੇ ਦਿਨ ਬੰਦ ਕਰ ਦੇਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਇਹ ਹਰਿਆਣਾ ਦੇ ਇਤਿਹਾਸ ਦੀ ਸਭ ਤੋਂ ਵਧੀਆ ਸੀਈਟੀ ਪ੍ਰੀਖਿਆ ਹੋਵੇਗੀ।
Read More: CET 2025 ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਜਾਣੋ ਕਿਵੇਂ ਕਰਨਾ ਹੈ ਡਾਊਨਲੋਡ?