ਚੰਡੀਗੜ੍ਹ ,09 ਅਗਸਤ 2024: ਹਰਿਆਣਾ ਮੰਤਰੀ ਮੰਡਲ (Haryana Cabinet) ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ‘ਚ 60 ਸਾਲ ਤੋਂ ਵੱਧ ਉਮਰ ਦੇ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ (Media workers) ਲਈ ਪੈਨਸ਼ਨ ਯੋਜਨਾ ‘ਚ ਮਹੱਤਵਪੂਰਨ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ |
ਇਨ੍ਹਾਂ ਸੋਧਾਂ ‘ਚ ਲਾਭਪਾਤਰੀ ਮੀਡੀਆ ਵਿਅਕਤੀ (Media workers) ਵਿਰੁੱਧ ਕਦੇ ਵੀ ਅਪਰਾਧਿਕ ਕੇਸ ਦਰਜ ਹੋਣ ਦੀ ਸੂਰਤ ਵਿੱਚ ਪੈਨਸ਼ਨ ਰੋਕਣ ਦੇ ਨਿਯਮ ਨੂੰ ਹਟਾ ਦਿੱਤਾ ਹੈ। ਇਸੇ ਤਰ੍ਹਾਂ ਪੱਤਰਕਾਰੀ ਦੇ ਨਿਰਧਾਰਤ ਸਿਧਾਂਤਾਂ ਅਤੇ ਨੈਤਿਕਤਾ ਦੇ ਵਿਰੁੱਧ ਕਿਸੇ ਮੀਡੀਆ ਵਿਅਕਤੀ ਦਾ ਆਚਰਣ ਪਾਏ ਜਾਣ ‘ਤੇ ਉਸ ਦੀ ਪੈਨਸ਼ਨ ਰੋਕਣ ਦਾ ਨਿਯਮ ਵੀ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੈਮਿਲੀ ਸ਼ਨਾਖਤੀ ਕਾਰਡ ਮੁਤਾਬਕ ਪ੍ਰਤੀ ਪਰਿਵਾਰ ਸਿਰਫ਼ ਇੱਕ ਮੈਂਬਰ ਹੀ ਮਹੀਨਾਵਾਰ ਪੈਨਸ਼ਨ ਲਈ ਯੋਗ ਹੋਵੇਗਾ, ਹੁਣ ਇਹ ਨਿਯਮ ਵੀ ਹਟਾ ਦਿੱਤਾ ਗਿਆ ਹੈ।
ਇਸ ਸਮੇਂ ਸੂਬਾ ਸਰਕਾਰ ਵੱਲੋਂ ਰੋਜ਼ਾਨਾ, ਸ਼ਾਮ, ਹਫ਼ਤਾਵਾਰੀ, ਪੰਦਰਵਾੜੇ, ਮਾਸਿਕ ਅਖ਼ਬਾਰਾਂ, ਨਿਊਜ਼ ਏਜੰਸੀਆਂ, ਰੇਡੀਓ ਸਟੇਸ਼ਨਾਂ, ਨਿਊਜ਼ ਚੈਨਲਾਂ ਦੇ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ ਨੂੰ 15,000 ਰੁਪਏ ਦੀ ਮਾਸਿਕ ਪੈਨਸ਼ਨ ਦਿੱਤੀ ਜਾ ਰਹੀ ਹੈ।