ਚੰਡੀਗੜ੍ਹ, 05 ਅਕਤੂਬਰ 2024: (Haryana Elections) ਹਰਿਆਣਾ ‘ਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ ਅਤੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਵੋਟਿੰਗ ਲਈ 20 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਹਰਿਆਣਾ ‘ਚ ਸਵੇਰੇ 11 ਵਜੇ ਤੱਕ 22.70 ਫੀਸਦੀ ਵੋਟਿੰਗ ਦਰਜ ਹੋਈ ਹੈ। ਜੀਂਦ ‘ਚ ਸਭ ਤੋਂ ਵੱਧ 27.20 ਫੀਸਦੀ ਅਤੇ ਪੰਚਕੂਲਾ ‘ਚ ਸਭ ਤੋਂ ਘੱਟ 13.46 ਫੀਸਦੀ ਮਤਦਾਨ ਹੋਇਆ ਹੈ ।
15ਵੀਂ ਹਰਿਆਣਾ ਵਿਧਾਨ ਸਭਾ-2024 ਦੀਆਂ ਆਮ ਚੋਣਾਂ ‘ਚ ਸੂਬੇ ਦੇ 2,03,54,350 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਸੂਬੇ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ‘ਚ ਕੁੱਲ 1031 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਵੋਟਿੰਗ ਲਈ 20,632 ਪੋਲਿੰਗ ਬੂਥ ਬਣਾਏ ਗਏ ਹਨ।
ਇਨ੍ਹਾਂ 2,03,54,350 ਵੋਟਰਾਂ ‘ਚੋਂ 1,07,75,957 ਪੁਰਸ਼, 95,77,926 ਬੀਬੀ ਅਤੇ 467 ਥਰਡ ਜੈਂਡਰ ਵੋਟਰ ਹਨ। 18 ਤੋਂ 19 ਸਾਲ ਦੀ ਉਮਰ ਦੇ 5,24,514 ਨੌਜਵਾਨ ਵੋਟਰ ਹਨ। ਇਸੇ ਤਰ੍ਹਾਂ 1,49,142 ਅਪਾਹਜ ਵੋਟਰ ਹਨ। ਜਿਨ੍ਹਾਂ ‘ਚੋਂ 93,545 ਪੁਰਸ਼, 55,591 ਬੀਬੀਆਂ ਅਤੇ 6 ਥਰਡ ਜੈਂਡਰ ਦੇ ਵੋਟਰ ਹਨ।
ਇਸਦੇ ਨਾਲ ਹੀ 85 ਸਾਲ ਤੋਂ ਵੱਧ ਉਮਰ ਦੇ 2,31,093 ਵੋਟਰ ਹਨ। ਜਿਨ੍ਹਾਂ ‘ਚੋਂ 89,940 ਪੁਰਸ਼ ਅਤੇ 1,41,153 ਬੀਬੀ ਵੋਟਰ ਹਨ। ਇਸ ਤੋਂ ਇਲਾਵਾ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 8,821 ਹੈ। ਜਿਨ੍ਹਾਂ ‘ਚੋਂ 3,283 ਪੁਰਸ਼ ਅਤੇ 5,538 ਬੀਬੀ ਵੋਟਰ ਹਨ। ਇਸ ਤੋਂ ਇਲਾਵਾ, 1,09,217 ਸੇਵਾ ਵੋਟਰ ਹਨ। ਜਿਨ੍ਹਾਂ ‘ਚੋਂ 1,04,426 ਪੁਰਸ਼ ਅਤੇ 4791 ਬੀਬੀ ਵੋਟਰ ਹਨ