ਚੰਡੀਗੜ੍ਹ, 05 ਅਕਤੂਬਰ 2024: (Haryana Election) ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਸ਼ਾਮ 6 ਵਜੇ ਵੋਟਿੰਗ ਸਮਾਪਤ ਹੋ ਚੁੱਕੀ ਹੈ | ਚੋਣ ਕਮਿਸ਼ਨ ਵੱਲੋਂ ਸ਼ਾਮ 5 ਵਜੇ ਤੱਕ ਜਾਰੀ ਅੰਕੜਿਆਂ ਮੁਤਾਬਕ 61 ਫੀਸਦੀ ਵੋਟਿੰਗ ਹੋਈ ਹੈ। ਇਸਦੇ ਨਾਲ ਹੀ ਅੰਕੜੇ ਹੋਰ ਬਦਲ ਸਕਦੇ ਹਨ। ਜਿਕਰਯੋਗ ਹੈ ਕਿ 2019 ਦੀਆਂ ਵਿਧਾਨ ਸਭਾ ਚੋਣਾਂ ‘ਚ 68.20 ਫੀਸਦੀ ਵੋਟਿੰਗ ਹੋਈ ਸੀ।
ਇਨ੍ਹਾਂ ਵਿਧਾਨ ਸਭਾ ਚੋਣਾਂ (Haryana Election) ‘ਚ ਸਭ ਤੋਂ ਵੱਧ ਵੋਟਿੰਗ ਯਮੁਨਾਨਗਰ ‘ਚ 67.93 ਫੀਸਦੀ, ਪਲਵਲ ਵਿੱਚ 67.69 ਫੀਸਦੀ ਅਤੇ ਫਤਿਹਾਬਾਦ ‘ਚ 67.05 ਫੀਸਦੀ ਰਹੀ। ਗੁਰੂਗ੍ਰਾਮ ‘ਚ ਸਭ ਤੋਂ ਘੱਟ 49.97 ਫੀਸਦੀ ਵੋਟਿੰਗ ਕੀਤੀ ਗਈ ਹੈ । ਇਨ੍ਹਾਂ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ ।
ਇਸ ਦੌਰਾਨ ਨੂੰਹ ‘ਚ ਵੋਟਿੰਗ ਦੌਰਾਨ ਤਿੰਨ ਥਾਵਾਂ ‘ਤੇ ਹਫੜਾ-ਦਫੜੀ ਹੋਈ। ਕਾਂਗਰਸ, ਇਨੈਲੋ-ਬਸਪਾ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਪੱਥਰਬਾਜ਼ੀ ਹੋਈ। ਪਥਰਾਅ ‘ਚ ਦੋ ਜਣੇ ਜ਼ਖਮੀ ਹੋ ਗਏ ਹਨ।
ਜਿਕਰਯੋਗ ਹੈ ਕਿ ਦੁਪਹਿਰ 3 ਵਜੇ ਤੱਕ ਸਾਰੀਆਂ 90 ਸੀਟਾਂ ‘ਤੇ 49.13 ਫੀਸਦੀ ਵੋਟਿੰਗ ਹੋਈ ਹੈ। ਹਰਿਆਣਾ ‘ਚ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਲਈ 20,629 ਪੋਲਿੰਗ ਸਟੇਸ਼ਨ ਬਣਾਏ ਗਏ ਸਨ ।
ਇਸ ਵਾਰ ਕਾਂਗਰਸ ਪਾਰਟੀ ਨੇ ਪੈਰਿਸ ਓਲੰਪਿਕ ‘ਚ ਸੋਨ ਤਮਗਾ ਜਿੱਤਣ ਤੋਂ ਖੁੰਝੀ ਭਲਵਾਨ ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਵੋਟਿੰਗ ਤੋਂ ਠੀਕ ਪਹਿਲਾਂ ਵੀਰਵਾਰ ਯਾਨੀ 03 ਅਕਤੂਬਰ ਨੂੰ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਤੰਵਰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਸਨ।
ਇਨ੍ਹਾਂ 2,03,54,350 ਵੋਟਰਾਂ ‘ਚੋਂ 1,07,75,957 ਪੁਰਸ਼, 95,77,926 ਬੀਬੀ ਅਤੇ 467 ਥਰਡ ਜੈਂਡਰ ਵੋਟਰ ਹਨ। 18 ਤੋਂ 19 ਸਾਲ ਦੀ ਉਮਰ ਦੇ 5,24,514 ਨੌਜਵਾਨ ਵੋਟਰ ਹਨ। ਇਸੇ ਤਰ੍ਹਾਂ 1,49,142 ਅਪਾਹਜ ਵੋਟਰ ਹਨ। ਜਿਨ੍ਹਾਂ ‘ਚੋਂ 93,545 ਪੁਰਸ਼, 55,591 ਬੀਬੀਆਂ ਅਤੇ 6 ਥਰਡ ਜੈਂਡਰ ਦੇ ਵੋਟਰ ਹਨ।
ਇਸਦੇ ਨਾਲ ਹੀ 85 ਸਾਲ ਤੋਂ ਵੱਧ ਉਮਰ ਦੇ 2,31,093 ਵੋਟਰ ਹਨ। ਜਿਨ੍ਹਾਂ ‘ਚੋਂ 89,940 ਪੁਰਸ਼ ਅਤੇ 1,41,153 ਬੀਬੀ ਵੋਟਰ ਹਨ। ਇਸ ਤੋਂ ਇਲਾਵਾ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 8,821 ਹੈ। ਜਿਨ੍ਹਾਂ ‘ਚੋਂ 3,283 ਪੁਰਸ਼ ਅਤੇ 5,538 ਬੀਬੀ ਵੋਟਰ ਹਨ। ਇਸ ਤੋਂ ਇਲਾਵਾ, 1,09,217 ਸੇਵਾ ਵੋਟਰ ਹਨ। ਜਿਨ੍ਹਾਂ ‘ਚੋਂ 1,04,426 ਪੁਰਸ਼ ਅਤੇ 4791 ਬੀਬੀ ਵੋਟਰ ਹਨ
ਇਸ ਵਾਰ ਹਰਿਆਣਾ (Haryana) ‘ਚ ਦਿਲਚਸਪ ਮੁਕਾਬਲਾ ਹੈ। ਜਿੱਥੇ ਸੱਤਾਧਾਰੀ ਪਾਰਟੀ ਭਾਜਪਾ ਸੂਬੇ ‘ਚ ਤੀਜੀ ਵਾਰ ਸਰਕਾਰ ਬਣਾਉਣ ਲਈ ਚੋਣ ਲੜੇਗੀ, ਜਦਕਿ ਕਾਂਗਰਸ ਨੂੰ ਲੰਮੇ ਸਮੇਂ ਬਾਅਦ ਹਰਿਆਣਾ ‘ਚ ਸੱਤਾ ‘ਚ ਵਾਪਸੀ ਦੀ ਉਮੀਦ ਹੈ। ਇਸਦੇ ਨਾਲ ਹੀ ‘ਆਪ’, ਇਨੈਲੋ-ਬਸਪਾ ਅਤੇ ਜੇਜੇਪੀ-ਏਐਸਪੀ ਦੇ ਉਮੀਦਵਾਰਾਂ ਦੀ ਕਿਸਮਤ ਵੀ ਈਵੀਐਮ ‘ਚ ਅੱਜ ਬੰਦ ਹੋ ਗਈ ਹੈ |




