ਚੰਡੀਗੜ੍ਹ, 22 ਅਗਸਤ 2024: ਹਰਿਆਣਾ ਪੁਲਿਸ (Haryana Police) ਨੇ ਹਰਿਆਣਾ ‘ਚ ਵਿਧਾਨ ਸਭਾ ਚੋਣਾਂ-2024 ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਪੁਲਿਸ ਹੈੱਡਕੁਆਰਟਰ, ਸੈਕਟਰ-6, ਪੰਚਕੂਲਾ ਵਿਖੇ ਚੋਣ ਸੈੱਲ (election cell) ਸਥਾਪਿਤ ਕੀਤਾ ਗਿਆ ਹੈ | ਇਸ ਸੈੱਲ ਰਾਹੀਂ ਸੂਬਾ ਪੱਧਰ ‘ਤੇ ਚੋਣਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਲੋਕ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।
ਇਸ ਸਬੰਧੀ ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਦੱਸਿਆ ਕਿ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਨਾਲ-ਨਾਲ ਚੋਣ ਸੈੱਲ ਵੱਲੋਂ ਕਈ ਹੋਰ ਅਹਿਮ ਚੋਣਾਂ ਸਬੰਧੀ ਗਤੀਵਿਧੀਆਂ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਲਾਅ ਐਂਡ ਆਰਡਰ, ਸੰਜੇ ਕੁਮਾਰ ਨੂੰ ਇਸ ਸੈੱਲ ਦਾ ਸਮੁੱਚਾ ਇੰਚਾਰਜ ਲਗਾਇਆ ਗਿਆ ਹੈ |
ਇਸਦੇ ਨਾਲ ਹੀ ਪੁਲਿਸ ਦੇ ਇੰਸਪੈਕਟਰ ਜਨਰਲ, ਸੁਰੱਖਿਆ, ਸੌਰਭ ਸਿੰਘ ਨੂੰ ਨਿਗਰਾਨੀ ਲਈ ਰਾਜ ਪੁਲਿਸ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਪੁਲਿਸ ਦੇ ਇੰਸਪੈਕਟਰ ਜਨਰਲ, ਲਾਅ ਐਂਡ ਆਰਡਰ ਹਰਦੀਪ ਦੂਨ ਨੂੰ ਚੋਣ ਖਰਚੇ ਅਤੇ ਕਾਨੂੰਨ ਵਿਵਸਥਾ ਨਾਲ ਸਬੰਧਤ ਰਿਪੋਰਟਾਂ ਦੀ ਨਿਗਰਾਨੀ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੂਬੇ (Haryana) ਦੇ ਸਾਰੇ ਜ਼ਿਲ੍ਹਿਆਂ ‘ਚ ਡੀਐਸਪੀ ਅਤੇ ਏਸੀਪੀ ਪੱਧਰ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜੋ ਪੁਲਿਸ ਹੈੱਡਕੁਆਰਟਰ ਵਿੱਚ ਸਥਾਪਤ ਚੋਣ ਸੈੱਲ ਨੂੰ ਨਿਰਧਾਰਿਤ ਨੁਕਤਿਆਂ ਸਬੰਧੀ ਆਪਣੇ ਜ਼ਿਲ੍ਹਿਆਂ ਦੀ ਰੋਜ਼ਾਨਾ ਰਿਪੋਰਟ ਭੇਜਣਗੇ।
ਹੈੱਡਕੁਆਰਟਰ ‘ਚ ਬਣਾਏ ਗਏ ਚੋਣ ਸੈੱਲ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ‘ਚ ਚੋਣ ਜ਼ਾਬਤੇ ਤਹਿਤ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੋਣ ਸੈੱਲ ਪੁਲਿਸ ਫੋਰਸ ਦੀ ਉਪਲਬੱਧਤਾ ਅਤੇ ਤਾਇਨਾਤੀ ਅਤੇ ਸਬੰਧਤ ਮੁੱਦਿਆਂ ਸਬੰਧੀ ਜ਼ਿਲ੍ਹਿਆਂ ਨਾਲ ਤਾਲਮੇਲ ਸਥਾਪਤ ਕਰੇਗਾ। ਚੋਣ ਸੈੱਲ 24 ਘੰਟੇ ਕਾਰਜਸ਼ੀਲ ਰਹੇਗਾ। ਗਜ਼ਟਿਡ ਛੁੱਟੀਆਂ ਅਤੇ ਛੁੱਟੀਆਂ (ਸ਼ਨੀਵਾਰ ਅਤੇ ਐਤਵਾਰ) ਵਾਲੇ ਦਿਨ ਵੀ ਇੱਥੇ ਸਟਾਫ ਡਿਊਟੀ ਯਕੀਨੀ ਬਣਾਈ ਜਾਵੇਗੀ।