ਚੰਡੀਗੜ੍ਹ, 14 ਜੂਨ 2023: ਕਿਸਾਨਾਂ ਵੱਲੋਂ ਦਿੱਲੀ-ਰੋਹਤਕ ਹਾਈਵੇਅ (Delhi-Rohtak highway) ਨੂੰ ਜਾਮ ਕੀਤਾ ਗਿਆ ਸੀ, ਜਿਸ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ। ਕਈ ਘੰਟਿਆਂ ਦੇ ਜਾਮ ਤੋਂ ਬਾਅਦ ਝੱਜਰ ਦੇ ਡਿਪਟੀ ਕਮਿਸ਼ਨਰ ਸ਼ਕਤੀ ਸਿੰਘ ਨੇ ਖਾਪ ਪੰਚਾਇਤ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਤਿੰਨ ਦਿਨਾਂ ਵਿੱਚ ਮੁੱਖ ਮੰਤਰੀ ਨਾਲ ਗੱਲ ਕਰਕੇ ਕੋਈ ਹੱਲ ਕੱਢ ਲਿਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸ਼ਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਜ਼ਾ ਗੱਲਬਾਤ ਤੋਂ ਬਾਅਦ ਕਿਸਾਨਾਂ ਨੇ ਕੁਰੂਕਸ਼ੇਤਰ ਦੇ ਪਿੱਪਲੀ ਵਿਖੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਅਤੇ ਕੌਮੀ ਮਾਰਗ ਤੋਂ ਜਾਮ ਹਟਾ ਲਿਆ ਜਾਵੇਗਾ। ਇਸਦੇ ਨਾਲ ਹੀ ਕਿਸਾਨ ਆਗੂ ਰਮੇਸ਼ ਦਲਾਲ ਨੇ ਕਿਹਾ ਕਿ ਅਸੀਂ ਆਪਣਾ ਧਰਨਾ ਸਮਾਪਤ ਕਰ ਰਹੇ ਹਾਂ, ਕਿਉਂਕਿ ਡੀ.ਸੀ. ਝੱਜਰ ਸ਼ਕਤੀ ਸਿੰਘ ਨੇ ਕਿਹਾ ਹੈ ਕਿ ਸਰਕਾਰ ਸਾਡੀਆਂ 25 ਮੰਗਾਂ, ਜਿੰਨ੍ਹਾਂ ਵਿਚ ਸੰਦੀਪ ਸਿੰਘ ਦਾ ਅਸਤੀਫ਼ਾ, ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ, ਐਮ.ਐਸ.ਪੀ. ਦੀ ਗਰੰਟੀ ਅਤੇ ਹੋਰ ਸ਼ਾਮਿਲ ਹਨ, ਨੂੰ ਲੈ ਕੇ ਅਗਲੇ ਤਿੰਨ ਦਿਨਾਂ ਵਿਚ ਸਾਡੇ ਨਾਲ ਗੱਲਬਾਤ ਕਰੇਗੀ।
ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਉਨ੍ਹਾਂ ਦੀ ਸੂਰਜਮੁਖੀ ਦੀ ਫਸਲ ਦੀ “ਉਚਿਤ ਕੀਮਤ” ਦਾ ਭਰੋਸਾ ਦਿੱਤਾ ਗਿਆ ਹੈ। ਇਸਦੇ ਨਾਲ ਹਿਰਾਸਤ ‘ਚ ਲਏ ਕਿਸਾਨ ਆਗੂਆਂ ਨੂੰ ਜਲਦ ਰਿਹਾ ਕੀਤਾ ਜਾਵੇਗਾ | ਕਿਸਾਨ ਮੰਗ ਕਰ ਰਹੇ ਸਨ ਕਿ ਸੂਬਾ ਸਰਕਾਰ ਸੂਰਜਮੁਖੀ ਦੇ ਘੱਟੋ-ਘੱਟ ਸਮਰਥਨ ਮੁੱਲ 6400 ਰੁਪਏ ਪ੍ਰਤੀ ਕੁਇੰਟਲ ‘ਤੇ ਖਰੀਦੇ।
ਹਰਿਆਣਾ ਸਰਕਾਰ ਭਾਵੰਤਰ ਸਕੀਮ ਦੇ ਤਹਿਤ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਵਿਕਣ ਵਾਲੀਆਂ ਸੂਰਜਮੁਖੀ ਫਸਲਾਂ ਲਈ ਅੰਤਰਿਮ ਸਹਾਇਤਾ ਵਜੋਂ 1,000 ਰੁਪਏ ਪ੍ਰਤੀ ਕੁਇੰਟਲ ਦੇ ਰਹੀ ਹੈ। ਹਰਿਆਣਾ ਸਰਕਾਰ 8 ਦਿਨਾਂ ਤੋਂ ਸੂਰਜਮੁਖੀ ਦੇ ਰੇਟ ਨਾ ਵਧਾਉਣ ‘ਤੇ ਅੜੀ ਹੋਈ ਹੈ। 6 ਜੂਨ ਨੂੰ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ 12 ਜੂਨ ਤੋਂ ਦੋ ਦਿਨ ਇੱਥੇ ਬੈਠੇ ਰਹੇ ਪਰ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ। ਸਰਕਾਰ ਨੇ ਉਲਟਾ ਇਸ਼ਤਿਹਾਰ ਜਾਰੀ ਕਰਕੇ ਕਿਹਾ ਕਿ ਹਰਿਆਣਾ ਵਿੱਚ ਸੂਰਜਮੁਖੀ ਦਾ ਸਭ ਤੋਂ ਵੱਧ ਰੇਟ ਹੈ, ਫਿਰ ਕਿਸਾਨਾਂ ਨੂੰ ਜਾਮ ਕਰਨਾ ਕੀ ਜਾਇਜ਼ ਹੈ?। ਮੰਗਲਵਾਰ ਰਾਤ ਅਚਾਨਕ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ।