ਚੰਡੀਗੜ੍ਹ, 13 ਫਰਵਰੀ 2024: ਹਰਿਆਣਾ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ, ਚੰਡੀਗੜ੍ਹ ਵਿੱਚ ਕੰਮ ਕਰਦੇ ਸਹਾਇਕ ਮੈਨੇਜਰ (ਪੀ.ਆਰ. ਐਂਡ ਇਵੈਂਟਸ) ਵਿਜੇ ਪਾਲ ਸਿੰਘ ਨੇ 5ਵੀਂ ਰਾਸ਼ਟਰੀ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 48 ਮੀਟਰ ਜੈਵਲਿਨ ਸੁੱਟ ਕੇ ਸੋਨ ਤਮਗਾ ਜਿੱਤਿਆ। ਇਹ ਮੁਕਾਬਲਾ 8 ਤੋਂ 11 ਫਰਵਰੀ ਤੱਕ ਹੈਦਰਾਬਾਦ ਦੇ ਗਾਚੀਬੋਵਲੀ ਸਟੇਡੀਅਮ ਵਿੱਚ ਹੋਇਆ।
ਇਸ ਉਪਲਬਧੀ ‘ਤੇ ਜਾਣਕਾਰੀ ਦਿੰਦੇ ਹੋਏ ਹਰਿਆਣਾ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ ਨੇ ਵਿਜੇ ਪਾਲ ਸਿੰਘ ਨੂੰ ਵਧਾਈ ਦਿੱਤੀ ਅਤੇ ਭਵਿੱਖ ‘ਚ ਖੇਡਾਂ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਦੇ ਸੰਯੁਕਤ ਡਾਇਰੈਕਟਰ ਡਾ: ਸਾਹਿਬ ਰਾਮ ਗੋਦਾਰਾ, ਡਿਪਟੀ ਡਾਇਰੈਕਟਰ ਦੇਵੇਂਦਰ ਸ਼ਰਮਾ ਅਤੇ ਸ੍ਰੀਮਤੀ ਸੀਮਾ ਅਰੋੜਾ ਹਾਜ਼ਰ ਸਨ।
ਹੈਦਰਾਬਾਦ ‘ਚ ਹੋਏ ਇਸ ਰਾਸ਼ਟਰੀ ਮੁਕਾਬਲੇ ‘ਚ ਦੇਸ਼ ਦੇ 22 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਹਰਾ ਕੇ ਵਿਜੇ ਪਾਲ ਨੇ ਸਫਲਤਾ ਹਾਸਲ ਕੀਤੀ | ਵਿਜੇ ਨੂੰ ਚੀਨ ‘ਚ ਹੋਣ ਵਾਲੀ ਵਿਸ਼ਵ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਲਈ ਭਾਰਤੀ ਟੀਮ ‘ਚ ਚੁਣਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵਿਜੇ ਪਾਲ ਸਿੰਘ ਨੈਸ਼ਨਲ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਪਹਿਲਾਂ ਹੀ ਦੋ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤ ਚੁੱਕੇ ਹਨ। ਉਨ੍ਹਾਂ ਨੇ ਜੂਨੀਅਰ ਨੈਸ਼ਨਲ ਜੈਵਲਿਨ ਥਰੋਅ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ।