Hisar Airport

Haryana CM: ਨਾਇਬ ਸੈਣੀ ਹੋਣਗੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ

ਚੰਡੀਗੜ੍ਹ, 12 ਮਾਰਚ 2024: ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸੈਣੀ (Nayab Saini) ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ | ਦੱਸਿਆ ਜਾ ਰਿਹਾ ਹੈ ਕਿ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਸ਼ਾਮ 5 ਵਜੇ ਰਾਜ ਭਵਨ ਵਿੱਚ ਹੋਵੇਗਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਗਠਜੋੜ ਟੁੱਟ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਸਵੇਰੇ 11.50 ਵਜੇ ਚੰਡੀਗੜ੍ਹ ਸਥਿਤ ਰਾਜ ਭਵਨ ਪਹੁੰਚੇ ਅਤੇ ਆਪਣੀ ਪੂਰੀ ਕੈਬਨਿਟ ਦਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ।

ਅੱਜ ਅਨਿਲ ਵਿਜ ਅਚਾਨਕ ਵਿਧਾਇਕ ਦਲ ਦੀ ਬੈਠਕ ਛੱਡ ਕੇ ਬਾਹਰ ਆ ਗਏ। ਭਾਜਪਾ ਦੇ ਦੋਵੇਂ ਅਬਜ਼ਰਵਰ ਅਰਜੁਨ ਮੁੰਡਾ ਅਤੇ ਤਰੁਣ ਚੁੱਘ ਚੰਡੀਗੜ੍ਹ ਪਹੁੰਚੇ । ਦੂਜੇ ਪਾਸੇ ਦੁਸ਼ਯੰਤ ਚੌਟਾਲਾ ਆਪਣੀ ਦਿੱਲੀ ਸਥਿਤ ਰਿਹਾਇਸ਼ ‘ਤੇ ਆਪਣੇ ਵਿਧਾਇਕਾਂ ਨਾਲ ਰਣਨੀਤੀ ਬਣਾ ਰਹੇ ਹਨ।

ਭਾਵੇਂ ਹਰਿਆਣਾ ਵਿੱਚ ਜੇਜੇਪੀ ਨਾਲ ਗਠਜੋੜ ਟੁੱਟ ਗਿਆ ਪਰ ਭਾਜਪਾ ਦਾ ਅਜੇ ਵੀ ਬਹੁਮਤ ਹੈ। ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਜਿਸ ਵਿੱਚੋਂ ਭਾਜਪਾ ਦੇ ਆਪਣੇ 41 ਵਿਧਾਇਕ ਹਨ। ਇਸ ਕੋਲ 6 ਆਜ਼ਾਦ ਅਤੇ ਇਕ ਹਲੋਪਾ ਵਿਧਾਇਕ ਦਾ ਵੀ ਸਮਰਥਨ ਹੈ, ਭਾਵ ਭਾਜਪਾ ਦੇ 48 ਵਿਧਾਇਕ ਹਨ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ।

ਨਾਇਬ ਸੈਣੀ ਨੂੰ ਮਨੋਹਰ ਲਾਲ ਖੱਟਰ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਓਬੀਸੀ ਭਾਈਚਾਰੇ ਤੋਂ ਆਉਂਦੇ ਹਨ। ਸਾਲ 1996 ਵਿੱਚ ਸੈਣੀ ਨੂੰ ਸੂਬੇ ਵਿੱਚ ਭਾਜਪਾ ਸੰਗਠਨ ਦੀ ਜ਼ਿੰਮੇਵਾਰੀ ਮਿਲੀ। ਸਾਲ 2019 ਵਿੱਚ ਉਹ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਲੋਕ ਸਭਾ ਵਿੱਚ ਪੁੱਜੇ ਸਨ। ਉਹ ਲੇਬਰ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਵੀ ਹਨ। ਸੈਣੀ ਨੂੰ 2023 ਵਿੱਚ ਪ੍ਰਦੇਸ਼ ਭਾਜਪਾ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਅਕਸਰ ਖੱਟਰ ਨਾਲ ਪ੍ਰੋਗਰਾਮਾਂ ਵਿੱਚ ਨਜ਼ਰ ਆਉਂਦੇ ਹਨ।

Scroll to Top