ਚੰਡੀਗੜ੍ਹ, 12 ਮਾਰਚ 2024: ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ (Haryana) ਵਿੱਚ ਭਾਜਪਾ-ਜੇਜੇਪੀ ਗਠਜੋੜ ਟੁੱਟ ਗਿਆ ਹੈ। ਚੰਡੀਗੜ੍ਹ ‘ਚ ਭਾਜਪਾ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਆਪਣੇ ਮੰਤਰੀ ਮੰਡਲ ਨਾਲ ਰਾਜ ਭਵਨ ਪਹੁੰਚੇ ਅਤੇ ਪੂਰੀ ਕੈਬਨਿਟ ਸਮੇਤ ਅਸਤੀਫਾ ਸੌਂਪ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਹੁੰ ਚੁੱਕ ਸਮਾਗਮ ਦੁਪਹਿਰ 1 ਵਜੇ ਹੋਵੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣਾ ਅਸਤੀਫਾ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਸੌਂਪ ਦਿੱਤਾ ਹੈ। ਸੂਤਰਾਂ ਮੁਤਾਬਕ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੇ ਆਪਣੀਆਂ ਸਰਕਾਰੀ ਗੱਡੀਆਂ ਵਾਪਸ ਕਰ ਦਿੱਤੀਆਂ ਹਨ।
ਜਿਕਰਯੋਗ ਹੈ ਕਿ ਹਰਿਆਣਾ (Haryana) ਵਿਧਾਨ ਸਭਾ ਵਿੱਚ 90 ਸੀਟਾਂ ਹਨ। ਇਨ੍ਹਾਂ ‘ਚੋਂ 41 ਸੀਟਾਂ ‘ਤੇ ਭਾਜਪਾ ਦੇ ਵਿਧਾਇਕ ਹਨ। 30 ਕਾਂਗਰਸ ਅਤੇ 10 ਜੇਜੇਪੀ ਨਾਲ ਹਨ। ਇਨੈਲੋ ਦਾ ਇੱਕ ਵਿਧਾਇਕ ਹੈ। 7 ਆਜ਼ਾਦ ਵਿਧਾਇਕ ਵੀ ਹਨ। ਗੋਪਾਲ ਕਾਂਡਾ ਹਲੋਪਾ ਤੋਂ ਵਿਧਾਇਕ ਹਨ। ਜੇਕਰ ਜੇਜੇਪੀ ਗਠਜੋੜ ਤੋੜਦੀ ਹੈ ਤਾਂ ਵੀ ਭਾਜਪਾ ਨੂੰ ਆਪਣੇ ਆਪ ਦੇ 41 ਵਿਧਾਇਕਾਂ ਅਤੇ 7 ਆਜ਼ਾਦ, 1 ਹਲੋਪਾ ਤੋਂ ਸਮਰਥਨ ਪ੍ਰਾਪਤ ਹੈ। ਹਰਿਆਣਾ ਵਿਧਾਨ ਸਭਾ ਵਿੱਚ ਬਹੁਮਤ ਲਈ 46 ਸੀਟਾਂ ਦੀ ਲੋੜ ਹੈ।