Para Athletic Championship

ਹਰਿਆਣਾ ਬਣਿਆ ਰਾਸ਼ਟਰੀ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦਾ ਚੈਂਪੀਅਨ

ਚੰਡੀਗੜ੍ਹ, 21 ਫਰਵਰੀ 2025: ਹਰਿਆਣਾ ਦੇ ਪੈਰਾ ਐਥਲੀਟਾਂ ਨੇ ਚੇਨਈ ‘ਚ ਹੋਈ 23ਵੀਂ ਰਾਸ਼ਟਰੀ ਪੈਰਾ ਐਥਲੈਟਿਕ ਚੈਂਪੀਅਨਸ਼ਿਪ (National Para Athletic Championship) ‘ਚ ਵੀ ਆਪਣੀ ਮੁਹਾਰਤ ਦਿਖਾਈ ਅਤੇ “ਚੈਂਪੀਅਨਸ਼ਿਪ ਟਰਾਫੀ” ਜਿੱਤੀ ਹੈ। ਸੂਬੇ ਦੇ ਪੈਰਾ ਐਥਲੀਟਾਂ ਦੇ ਚੈਂਪੀਅਨ ਟਰਾਫੀ ਜਿੱਤਣ ‘ਤੇ “ਪੈਰਾ ਸਪੋਰਟਸ ਐਸੋਸੀਏਸ਼ਨ ਆਫ਼ ਹਰਿਆਣਾ” ਦੀ ਪ੍ਰਧਾਨ ਅਤੇ ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੋਈ ਵੀ ਸਰੀਰਕ ਰੁਕਾਵਟ ਹਿੰਮਤ ਦੇ ਰਾਹ ‘ਚ ਨਹੀਂ ਆ ਸਕਦੀ, ਇਹ ਸਾਡੇ ਖਿਡਾਰੀਆਂ ਦੇ ਜੋਸ਼ ਅਤੇ ਜਨੂੰਨ ਨੇ ਸਾਬਤ ਕੀਤਾ ਹੈ।

ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਦੇ ਖਿਡਾਰੀ ਹੀ ਮਿਹਨਤੀ ਨਹੀਂ ਹਨ, ਸਗੋਂ ਸੂਬਾ ਸਰਕਾਰ ਖਿਡਾਰੀਆਂ ਨੂੰ ਉਨ੍ਹਾਂ ਦੇ ਖੇਡ ‘ਚ ਵਧੀਆ ਪ੍ਰਦਰਸ਼ਨ ਲਈ ਹਰ ਸੰਭਵ ਮਦਦ ਵੀ ਪ੍ਰਦਾਨ ਕਰ ਰਹੀ ਹੈ। ਸੂਬਾ ਸਰਕਾਰ ਦੀ ਖੇਡ ਨੀਤੀ ਦੀ ਬਦੌਲਤ, ਸੂਬੇ ਦੇ ਖਿਡਾਰੀ ਸਾਰੀਆਂ ਖੇਡਾਂ ਵਿੱਚ ਆਪਣੀ ਪਛਾਣ ਬਣਾ ਰਹੇ ਹਨ।

ਪੈਰਾ ਸਪੋਰਟਸ ਐਸੋਸੀਏਸ਼ਨ ਆਫ਼ ਹਰਿਆਣਾ ਦੀ ਜਨਰਲ ਸਕੱਤਰ ਜੋਤੀ ਛਾਬੜਾ ਨੇ ਕਿਹਾ ਕਿ ਇਸ ਮੁਕਾਬਲੇ ‘ਚ ਹਰਿਆਣਾ ਦੇ 172 ਖਿਡਾਰੀਆਂ ਦੀ ਟੀਮ ਨੇ ਹਿੱਸਾ ਲਿਆ, ਜਿਨ੍ਹਾਂ ‘ਚੋਂ 113 ਖਿਡਾਰੀਆਂ ਨੇ ਤਮਗੇ ਜਿੱਤੇ ਅਤੇ ਹਰਿਆਣਾ ਨੂੰ ਚੈਂਪੀਅਨਸ਼ਿਪ ਟਰਾਫੀ (National Para Athletic Championship) ਜਿੱਤਣ ‘ਚ ਮਦਦ ਕੀਤੀ। ਇਨ੍ਹਾਂ ਵਿੱਚੋਂ ਪੁਰਸ਼ ਖਿਡਾਰੀਆਂ ਨੇ 66 ਤਮਗੇ ਜਿੱਤੇ ਹਨ ਅਤੇ ਮਹਿਲਾ ਖਿਡਾਰੀਆਂ ਨੇ 37 ਤਮਗੇ ਜਿੱਤੇ ਹਨ। ਹਰਿਆਣਾ ਦੀ ਟੀਮ ਨੇ ਕੁੱਲ 53 ਸੋਨੇ ਦੇ ਤਮਗੇ , 31 ਚਾਂਦੀ ਦੇ ਤਮਗੇ ਅਤੇ 29 ਕਾਂਸੀ ਦੇ ਤਮਗੇ ਜਿੱਤੇ ਹਨ।

ਛਾਬੜਾ ਨੇ ਦੱਸਿਆ ਕਿ ਭਾਰਤੀ ਪੈਰਾਲੰਪਿਕ ਕਮੇਟੀ ਦੀ ਅਗਵਾਈ ਹੇਠ, ਤਾਮਿਲਨਾਡੂ ਪੈਰਾਲੰਪਿਕ ਸਪੋਰਟਸ ਐਸੋਸੀਏਸ਼ਨ ਨੇ ਤਾਮਿਲਨਾਡੂ ਦੇ ਚੇਨਈ ਵਿੱਚ 23ਵੀਂ ਰਾਸ਼ਟਰੀ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਿਸ ‘ਚ 25 ਸੂਬਿਆਂ ਦੇ 1350 ਦਿਵਿਆਂਗ ਖਿਡਾਰੀਆਂ (ਪੈਰਾ ਅਥਲੀਟ) ਨੇ ਭਾਗ ਲਿਆ।

ਹਰਿਆਣਾ ਟੀਮ ਦੇ ਤਮਗਾ ਜੇਤੂ ਖਿਡਾਰੀਆਂ ‘ਚੋਂ ਮੁੱਖ ਤੌਰ ‘ਤੇ ਪੈਰਾ ਓਲੰਪੀਅਨ ਅਰਜੁਨ ਐਵਾਰਡੀ ਨਵਦੀਪ ਨੇ ਜੈਵਲਿਨ ਥ੍ਰੋਅ ਵਿੱਚ ਸੋਨ ਤਮਗਾ ਜਿੱਤਿਆ ਜਦੋਂ ਕਿ ਅੰਤਰਰਾਸ਼ਟਰੀ ਪੈਰਾ ਖਿਡਾਰੀਆਂ ਏਕਤਾ ਭਯਾਣ, ਧਰਮਬੀਰ, ਰਿੰਕੂ, ਅੰਕੁਰ ਧਾਮਾ, ਟੇਕਚੰਦ, ਕਰਮਜਯੋਤੀ, ਸੁਮਿਤ, ਸੁਮਨ, ਮੋਨੂੰ ਘਨਘਸ, ਪ੍ਰੀਤੀ, ਊਸ਼ਾ, ਕੰਚਨ ਲਖਾਨੀ ਨੇ ਵੀ ਆਪਣੇ-ਆਪਣੇ ਖੇਡਾਂ ‘ਚ ਤਮਗੇ ਜਿੱਤੇ।

ਇਸ ਮੁਕਾਬਲੇ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੋਤੀ ਛਾਬੜਾ, ਉਪ-ਪ੍ਰਧਾਨ ਸੱਤਿਆਪ੍ਰਕਾਸ਼ ਸਾਂਗਵਾਨ ਤੋਂ ਇਲਾਵਾ, ਐਸੋਸੀਏਸ਼ਨ ਦੇ ਮੈਂਬਰ ਅੰਤਰਰਾਸ਼ਟਰੀ ਪੈਰਾ ਪਲੇਅਰ ਟੀਮ ਇੰਚਾਰਜ ਅਮਿਤ ਕੁਮਾਰ, ਟੀਮ ਮੈਨੇਜਰ ਸੁਰੇਂਦਰ ਸਿੰਘ, ਦਿਨੇਸ਼ ਕੁਮਾਰ, ਯੋਗੇਂਦਰ ਕੁਮਾਰ, ਫਿਜ਼ੀਓ ਡਾਕਟਰ ਰਮੇਸ਼ ਅਤੇ ਸੋਨੀਆ, ਕੋਚ ਜਤਿਨ ਭਾਟੀ, ਐਸਕਾਰਟ ਸੰਜੇ ਟੀਮ ਨਾਲ ਮੌਜੂਦ ਸਨ।

ਚੈਂਪੀਅਨਸ਼ਿਪ ਵਿੱਚ ਹਰਿਆਣਾ ਦੇ ਪੈਰਾ ਐਥਲੀਟਾਂ ਦੀ ਜਿੱਤ ‘ਤੇ, ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਤੋਂ ਇਲਾਵਾ, ਐਸੋਸੀਏਸ਼ਨ ਦੇ ਸੰਸਥਾਪਕ ਧਿਆਨ ਚੰਦ ਪੁਰਸਕਾਰ ਜੇਤੂ ਗਿਰੀਰਾਜ ਸਿੰਘ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।

Read More: PM ਮੋਦੀ ਨੇ ਏਸ਼ੀਅਨ ਪੈਰਾ ਖੇਡਾਂ ਦੇ ਦਲ ਨਾਲ ਮੁਲਾਕਾਤ ਕੀਤੀ, ਭਾਰਤ ਨੇ ਇਸ ਵਾਰ ਜਿੱਤੇ 111 ਤਮਗੇ

Scroll to Top