ਚੰਡੀਗੜ੍ਹ 24 ਮਾਰਚ 2024: ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ | ਇਸ ਮੌਕੇ ਹਰਪਾਲ ਸਿੰਘ ਚੀਮਾ ਪਿੰਡ ਗੁਜਰਾਂ ਵਿਖੇ ਪੀੜਤ ਪਰਿਵਾ|ਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਦੇ ਪਰਿਵਾਰਾਂ ਦੀ ਮੱਦਦ ਕਰਨ ਦਾ ਭਰੋਸਾ ਦਵਾਇਆ |
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਚੋਣ ਜਾਬਤਾ ਲੱਗਿਆ ਹੋਇਆ ਹੈ ਪ੍ਰੰਤੂ ਸਬੰਧਤ ਪ੍ਰਸ਼ਾਸਨ ਪਰਿਵਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਹਨਾਂ ਦੀ ਯੋਗ ਮੱਦਦ ਕਰੇਗਾ | ਉਹਨਾਂ ਇਹ ਵੀ ਕਿਹਾ ਕਿ ਜੋ ਦੋਸ਼ੀ ਹਨ ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਲਾਖਾਂ ਦੇ ਪਿੱਛੋਂ ਨਾ ਨਿਕਲ ਸਕਣ |
ਇਸ ਤੋਂ ਬਾਅਦ ਹਰਪਾਲ ਸਿੰਘ ਚੀਮਾ (Harpal Singh Cheema) ਪਿੰਡ ਢੰਡੋਲੀ ਖੁਰਦ ਪਹੁੰਚੇ ਜਿੱਥੇ ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਹਰ ਵੇਲੇ ਖੜਨ ਦੀ ਗੱਲ ਆਖੀ |ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜਿਹਨਾਂ ਵਿਅਕਤੀਆਂ ਵੱਲੋਂ ਇਹ ਵੱਡੀ ਅਣਗਹਿਲੀ ਵਰਤੀ ਗਈ ਹੈ, ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ |
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਧਾਰਾਵਾਂ ਅੱਜ ਤੱਕ ਕਦੇ ਵੀ ਅਜਿਹੇ ਮਾਮਲੇ ਵਿੱਚ ਨਹੀਂ ਲੱਗੀਆਂ ਅਸੀਂ ਉਹਨਾਂ ਧਾਰਾਵਾਂ ਤਹਿਤ ਦੋਸ਼ੀਆਂ ਖਿਲਾਫ ਪਰਚੇ ਦਰਜ ਕਰਵਾਏ ਹਨ। ਜਿਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਭੇਜਿਆ ਜਾ ਰਿਹਾ ਅਤੇ ਜੋ ਬਚੇ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ | ਇਸ ਮੌਕੇ ਪੀੜਤ ਪਰਿਵਾਰਾਂ ਨੇ ਕਿਹਾ ਕਿ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਕੋਲ ਪਹੁੰਚੇ ਸਨ ਜਿਨਾਂ ਨੇ ਸਾਡੇ ਨਾਲ ਖੜਨ ਦੀ ਗੱਲ ਆਖੀ ਹੈ |