ਦੀਵਾਲੀ ਦਾ ਤਿਉਹਾਰ ਦੇਸ਼ ਭਰ ‘ਚ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਉਥੇ ਹੀ ਦੀਵਾਲੀ ‘ਤੇ ਪਟਾਕੇ ਸਾੜਨ ਵੇਲੇ ਅਕਸਰ ਕੁਝ ਹਾਦਸੇ ਹੁੰਦੇ ਹਨ, ਜਿਨ੍ਹਾਂ ‘ਚ ਹੱਥ ਜਾਂ ਮੂੰਹ ਦਾ ਝੁਲਸ ਜਾਣਾ ਜਾ ਫਿਰ ਅੱਖਾਂ ਤੇ ਕੋਈ ਸੱਟ ਲੱਗਦੀ ਹੈ ਤਾਂ ਉਸਦੀ ਰੋਕਥਾਮ ਅਤੇ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ।
ਪਟਾਕੇ ਸਾੜਨ ਵੇਲੇ ਬੱਚਿਆਂ ਦਾ ਰੱਖੋ ਖ਼ਾਸ ਧਿਆਨ
ਪਟਾਕਿਆਂ ਕਾਰਨ ਅੱਖਾਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਣ ਅਤੇ ਅੰਨ੍ਹਾਪਨ ਹੋਣ ਦੀਆ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨੀ ਜ਼ਰੂਰੀ ਹੈ। ਇੱਕ ਅਧਿਐਨ ਅਨੁਸਾਰ ਦੀਵਾਲੀ ਦੌਰਾਨ ਪਟਾਕਿਆਂ ਨਾਲ ਸਬੰਧਤ ਸੱਟਾਂ ‘ਚੋਂ 21 ਫੀਸਦੀ ਸੱਟਾਂ ਸਿਰਫ ਅੱਖਾਂ ਦੀਆਂ ਸੱਟਾਂ ਹੁੰਦੀਆ ਹਨ । ਇਸ ਅਧਿਐਨ ਨੇ ਦੱਸਿਆ ਕਿ ਬੱਚਿਆਂ ‘ਚ ਜਾਗਰੂਕਤਾ ਦੀ ਘਾਟ ਉਨ੍ਹਾਂ ਨੂੰ ਵੱਡੇ ਖ਼ਤਰੇ ‘ਚ ਪਾਉਂਦੀ ਹੈ, ਖਾਸ ਕਰਕੇ ਜਦੋਂ ਮਾਤਾ-ਪਿਤਾ ਦੀ ਨਿਗਰਾਨੀ ਨਾ ਹੋਵੇ।
1. ਸੁਰੱਖਿਆ ਵਾਲੀਆਂ ਐਨਕਾਂ ਜਾਂ ਗੌਗਲਜ਼ ਪਹਿਨੋ ਤਾਂ ਜੋ ਤੁਹਾਡੀਆਂ ਅੱਖਾਂ ਨੂੰ ਚਿੰਗਾਰੀਆਂ ਅਤੇ ਉੱਡਦੇ ਕਣਾਂ ਤੋਂ ਬਚਾਇਆ ਜਾ ਸਕੇ, ਖਾਸ ਕਰਕੇ ਬੱਚਿਆਂ ਲਈ।
2. ਛੋਟੇ ਬੱਚਿਆਂ ਦੀ ਨਿਗਰਾਨੀ ਕਰੋ ਅਤੇ ਉਨ੍ਹਾਂ ਨੂੰ ਉਨ੍ਹਾਂ ਥਾਵਾਂ ਤੋਂ ਦੂਰ ਰੱਖੋ, ਜਿੱਥੇ ਪਟਾਕੇ ਚਲਾਏ ਜਾਂਦੇ ਹਨ। ਪਟਾਕਿਆਂ ਨੂੰ ਜ਼ਿਆਦਾ ਨੇੜਿਓਂ ਨਾ ਚਲਾਓ, ਉਨ੍ਹਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖੋ।
3. ਜੇਕਰ ਤੁਹਾਡੇ ਹੱਥ ਪਟਾਕਿਆਂ ਦੇ ਸੰਪਰਕ ‘ਚ ਆਏ ਹਨ, ਤਾਂ ਆਪਣੀਆਂ ਅੱਖਾਂ ਨੂੰ ਰਗੜੋ ਜਾਂ ਖੁਰਚੋ ਨਾ, ਕਿਉਂਕਿ ਪਟਾਕੇ ਜ਼ਹਿਰੀਲੇ ਪਦਾਰਥ (toxic substances) ਛੱਡ ਸਕਦੇ ਹਨ।
4. ਪਟਾਕੇ ਸਾੜਨ ਵੇਲੇ ਆਪਣੇ ਚਿਹਰੇ, ਅੱਖਾਂ ਜਾਂ ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰੋ, ਅਤੇ ਹਮੇਸ਼ਾ ਗਰਮ ਪਾਣੀ ਅਤੇ ਹੈਂਡ ਵਾਸ਼ ਨਾਲ ਆਪਣੇ ਹੱਥ ਧੋਵੋ।
5. ਫੁਲਝੜੀਆਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ, ਕਿਉਂਕਿ ਉਹ ਬਹੁਤ ਜ਼ਿਆਦਾ ਤਾਪਮਾਨ ਤੱਕ ਪਹੁੰਚ ਸਕਦੀਆਂ ਹਨ ਅਤੇ ਅਚਾਨਕ ਆਪਣੀ ਰਫ਼ਤਾਰ ਨਾਲ ਚਿਹਰੇ ‘ਤੇ ਵੱਜ ਸਕਦੀਆਂ ਹਨ। ਇਸ ਲਈ, ਉਨ੍ਹਾਂ ਨੂੰ ਬਾਲਦੇ ਸਮੇਂ, ਉਨ੍ਹਾਂ ਨੂੰ ਬਾਂਹ ਦੀ ਦੂਰੀ ‘ਤੇ ਅਤੇ ਆਪਣੇ ਚਿਹਰੇ ਤੋਂ ਦੂਰ ਰੱਖੋ।
6. ਜੇਕਰ ਚਿੰਗਾਰੀਆਂ ਦੇ ਸੰਪਰਕ ‘ਚ ਆਉਂਦੇ ਹੋ, ਤਾਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
7. ਜੇਕਰ ਪਟਾਕੇ ਸਾੜਨ ਵੇਲੇ ਅੱਖ ‘ਚ ਸੱਟ ਲੱਗ ਜਾਵੇ, ਤਾਂ ਉਸ ਨੂੰ ਰਗੜਨ ਤੋਂ ਬਚੋ। ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਅਤੇ ਤੁਰੰਤ ਡਾਕਟਰੀ ਸਹਾਇਤਾ ਲਓ। ਅੱਖ ‘ਚੋਂ ਕਿਸੇ ਵੀ ਬਾਹਰੀ ਵਸਤੂ ਨੂੰ ਖੁਦ ਕੱਢਣ ਦੀ ਕੋਸ਼ਿਸ਼ ਨਾ ਕਰੋ। ਅਜਿਹਾ ਕਰਨ ਨਾਲ ਅੱਖ ਦੀ ਰੌਸ਼ਨੀ ਤੱਕ ਵੀ ਜਾ ਸਕਦੀ ਹੈ।
8. ਬੱਚਿਆਂ ਨੂੰ ਪਟਾਕਿਆਂ ਦੇ ਖ਼ਤਰਿਆਂ ਅਤੇ ਅੱਖਾਂ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਸਿਖਾਓ।
9. ਸਿਰਫ਼ ਉਨ੍ਹਾਂ ਹੀ ਪਟਾਕਿਆਂ ਦੀ ਵਰਤੋਂ ਕਰੋ ਜੋ ਮਨਜ਼ੂਰਸ਼ੁਦਾ ਹਨ ਅਤੇ ਜਿਨ੍ਹਾਂ ‘ਤੇ ਨਿਰਮਾਤਾ ਦੇ ਵੇਰਵੇ ਹਨ। ਜਿਆਦਾ ਉੱਚੀ ਆਵਾਜ਼ ਵਾਲੇ ਪਟਾਕੇ ਨਾ ਚਲਾਓ ਕਿਉਂਕਿ ਸਾਡੇ ਕੰਨ ਸਿਰਫ 85 ਡੈਸੀਬਲ ਤੱਕ ਦੀ ਆਵਾਜ਼ ਸਹਿਨ ਕਰ ਸਕਦੇ ਹਨ ਜਿਆਦਾ ਵੱਡੇ ਪਟਾਕਿਆਂ ਦੀ ਆਵਾਜ਼ 140 ਡੈਸੀਬਲ ਤੱਕ ਪਹੁੰਚ ਸਕਦੀ ਹੈ ਅਤੇ ਇਹ ਅਸਥਾਈ ਜਾ ਸਥਾਈ ਸੁਣਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ।
10 .ਪਟਾਕਿਆਂ ਨੂੰ ਖੁੱਲ੍ਹੀ ਜਗ੍ਹਾ ‘ਚ ਹੀ ਚਲਾਓ ਤਾ ਜੋ ਪਟਾਕਿਆ ਦਾ ਧੂੰਆਂ ਤੁਹਾਨੂੰ ਸਾਹ ਲੈਣ ‘ਚ ਦਿੱਕਤ ਨਾ ਕਰੇ। ਜਿੰਨਾ ਨੂੰ ਦਿਲ ਦੀ ਬਿਮਾਰੀ ਜਾਂ ਦਮੇ ਦੀ ਦਿੱਕਤ ਹੈ ਉਹ ਪਟਾਕਿਆਂ ਤੋਂ ਦੂਰੀ ਹੀ ਬਣਾ ਕੇ ਰੱਖਣ, ਗਰਭਵਤੀ ਔਰਤਾਂ ਵੀ ਪਟਾਕਿਆਂ ਦੇ ਧੂੰਏ ਅਤੇ ਉੱਚੀ ਆਵਾਜ਼ ਵਾਲੇ ਪਟਾਕਿਆਂ ਤੋਂ ਦੂਰ ਰਹਿਣ।
ਇਨ੍ਹਾਂ ਸਾਵਧਾਨੀਆਂ ਨੂੰ ਅਪਣਾ ਕੇ ਤਿਉਹਾਰਾਂ ਦਾ ਆਨੰਦ ਮਾਣੋ। ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਆਪਣੇ ਨਜ਼ਦੀਕੀ ਸਿਹਤ ਸੰਸਥਾ ਤੇ ਸੰਪਰਕ ਕਰੋ।
ਡਾਕਟਰ ਵਰਿੰਦਰ ਕੁਮਾਰ
ਸੁਨਾਮ ਉੱਧਮ ਸਿੰਘ ਵਾਲਾ
99149-05353
Read More: Diwali 2025 Date: ਦੀਵਾਲੀ ਕਦੋਂ ਹੈ, 20 ਜਾਂ 21 ਅਕਤੂਬਰ ?