ਚੰਡੀਗੜ੍ਹ, 2 ਜਨਵਰੀ 2025: Indian Hockey Team Captain Harmanpreet Singh: ਭਾਰਤੀ ਹਾਕੀ ਪੁਰਸ਼ ਟੀਮ ਦੇ ਕਪਤਾਨ ਅਤੇ ਸ਼ਾਨਦਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਖੇਡ ‘ਚ ਦਿੱਤੇ ਯੋਗਦਾਨ ਲਈ ਇਸ ਸਾਲ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਆਪਣੀ ਜ਼ਬਰਦਸਤ ਖੇਡ ਅਤੇ ਅਸਾਧਾਰਨ ਪ੍ਰਤਿਭਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ |
ਹਰਮਨਪ੍ਰੀਤ ਸਿੰਘ ਨੇ ਦੀ ਕਪਤਾਨੀ ‘ਚ ਭਾਰਤ ਨੇ ਟੋਕੀਓ 2020 ਓਲੰਪਿਕ ‘ਚ ਕਾਂਸੀ ਦਾ ਤਮਗਾ ਆਪਣੇ ਨਾਲ ਕੀਤਾ | ਇਸਦੇ ਨਾਲ ਹੀ 2023 ਏਸ਼ੀਅਨ ਖੇਡਾਂ ‘ਚ ਸੋਨ ਤਮਗਾ ਅਤੇ ਪੈਰਿਸ ਓਲੰਪਿਕ 2024 ‘ਚ ਕਾਂਸੀ ਦਾ ਤਮਗਾ ਭਾਰਤ ਦੀ ਝੋਲੀ ਪਾਇਆ ਹੈ |
(Birth and Family of Harmanpreet Singh) ਹਰਮਨਪ੍ਰੀਤ ਸਿੰਘ ਦਾ ਜਨਮ ਅਤੇ ਪਰਿਵਾਰ
ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ 1996 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਬਸਤੀ ‘ਚ ਹੋਇਆ ਸੀ | ਹਰਮਨਪ੍ਰੀਤ ਸਿੰਘ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਨ। ਹਰਮਨਪ੍ਰੀਤ ਬਚਪਨ ‘ਚ ਖੇਤਾਂ ‘ਚ ਪਰਿਵਾਰ ਦੀ ਮੱਦਦ ਕਰਦਾ ਸੀ ਅਤੇ ਟਰੈਕਟਰ ਚਲਾਉਂਦਾ ਸੀ। ਖੇਤਾਂ ‘ਚ ਕੰਮ ਕਰਦਿਆਂ, ਉਸਦੇ ਹੱਥਾਂ ਨੇ ਡਰੈਗ-ਫਲਿਕ ਦੇ ਹੁਨਰ ਨੂੰ ਨਿਖਾਰਿਆ। ਇਸਤੋਂ ਬਾਅਦ 2011 ‘ਚ ਹਰਮਨਪ੍ਰੀਤ ਨੇ ਸੁਰਜੀਤ ਅਕੈਡਮੀ ਜਲੰਧਰ ‘ਚ ਦਾਖਲਾ ਲੈ ਲਿਆ। ਇੱਥੇ ਗਗਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਹਰਮਨਪ੍ਰੀਤ ਸਿੰਘ ਦੀ ਪੈਨਲਟੀ ਕਾਰਨਰ ਕਲਾ ਨੂੰ ਹੋਰ ਨਿਖਾਰਿਆ।
ਹਰਮਨਪ੍ਰੀਤ ਸਿੰਘ ਦਾ ਜੂਨੀਅਰ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ
ਹਰਮਨਪ੍ਰੀਤ ਸਿੰਘ (Harmanpreet Singh) ਨੇ ਭਾਰਤੀ ਜੂਨੀਅਰ ਟੀਮ ਲਈ 2011 ਦੇ ਸੁਲਤਾਨ ਜੋਹੋਰ ਕੱਪ ਦੇ ਜਰੀਏ ਆਪਣਾ ਹਾਕੀ ‘ਚ ਡੈਬਿਊ ਕੀਤਾ ਸੀ। 2014 ‘ਚ ਇਸੇ ਟੂਰਨਾਮੈਂਟ ‘ਚ ਹਰਮਨਪ੍ਰੀਤ ਨੇ 9 ਗੋਲ ਕੀਤੇ ਅਤੇ ‘ਪਲੇਅਰ ਆਫ਼ ਦਾ ਟੂਰਨਾਮੈਂਟ’ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਤੋਂ ਬਾਅਦ ਹਰਮਨਪ੍ਰੀਤ ਨੇ 2016 ‘ਚ ਜੂਨੀਅਰ ਵਿਸ਼ਵ ਕੱਪ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ ।
(Harmanpreet Singh’s Debut in the Senior Hockey Team) ਹਰਮਨਪ੍ਰੀਤ ਸਿੰਘ ਦਾ ਸੀਨੀਅਰ ਹਾਕੀ ਟੀਮ ‘ਚ ਡੈਬਿਊ
ਹਰਮਨਪ੍ਰੀਤ ਸਿੰਘ ਨੇ ਭਾਰਤ ਦੀ ਸੀਨੀਅਰ ਟੀਮ ਲਈ 2015 ‘ਚ ਜਾਪਾਨ ਖ਼ਿਲਾਫ਼ ਡੈਬਿਊ ਕੀਤਾ ਸੀ। ਹਰਮਨਪ੍ਰੀਤ 2016 ‘ਚ ਰੀਓ ਓਲੰਪਿਕ ਲਈ ਚੁਣੇ ਜਾਣ ਤੋਂ ਬਾਅਦ ਭਾਰਤੀ ਹਾਕੀ ਟੀਮ ਦਾ ਹਿੱਸਾ ਬਣ ਗਿਆ ਸੀ। ਹਾਲਾਂਕਿ ਰੀਓ ‘ਚ ਭਾਰਤ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਪਰ ਹਰਮਨਪ੍ਰੀਤ ਨੇ 2020 ਟੋਕੀਓ ਓਲੰਪਿਕ ‘ਚ ਸ਼ਾਨਦਾਰ ਵਾਪਸੀ ਕੀਤੀ। ਹਰਮਨਪ੍ਰੀਤ ਨੇ ਟੋਕੀਓ 2020 ‘ਚ 6 ਗੋਲ ਕਰਕੇ 41 ਸਾਲਾਂ ਬਾਅਦ ਭਾਰਤ ਦੀ ਝੋਲੀ ਓਲੰਪਿਕ ਤਮਗਾ ਪਵਾਇਆ | ਟੋਕੀਓ 2020 ‘ਚ ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਭਾਰਤੀ ਟੀਮ ਦਾ ਚੋਟੀ ਦਾ ਸਕੋਰਰ ਰਿਹਾ ਸੀ|
(Harmanpreet Singh’s success in Asian Games 2023) ਹਰਮਨਪ੍ਰੀਤ ਸਿੰਘ ਦੀ ਏਸ਼ੀਅਨ ਖੇਡਾਂ 2023 ‘ਚ ਸਫਲਤਾ
ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਰਿਸ 2024 ਪੁਰਸ਼ ਹਾਕੀ ਟੂਰਨਾਮੈਂਟ ‘ਚ ਅੱਠ ਮੈਚਾਂ ‘ਚ 10 ਗੋਲ ਕੀਤੇ। ਉਸਦਾ ਸਕੋਰ ਆਸਟ੍ਰੇਲੀਆ ਦੇ ਬਲੇਕ ਗਵਰਸ ਤੋਂ ਤਿੰਨ ਗੋਲ ਵੱਧ ਸੀ।
(Major Achievements of Harmanpreet Singh) ਹਰਮਨਪ੍ਰੀਤ ਸਿੰਘ ਦੀਆਂ ਮੁੱਖ ਪ੍ਰਾਪਤੀਆਂ
ਟੋਕੀਓ 2020 ਓਲੰਪਿਕ ਕਾਂਸੀ ਤਮਗਾ ਜੇਤੂ ਅਤੇ ਭਾਰਤੀ ਟੀਮ ਦਾ ਚੋਟੀ ਦਾ ਸਕੋਰਰ ਰਿਹਾ ।
ਏਸ਼ੀਅਨ ਖੇਡਾਂ 2023 ‘ਚ ਸੋਨ ਤਮਗਾ ਜੇਤੂ ਅਤੇ ਟੀਮ ਦਾ ਚੋਟੀ ਦਾ ਸਕੋਰਰ (13 ਗੋਲ) ਰਿਹਾ ।
FIH ਪ੍ਰੋ ਲੀਗ 2021-22 ਟੂਰਨਾਮੈਂਟ ਦਾ ਚੋਟੀ ਦਾ ਸਕੋਰਰ (18 ਗੋਲ)ਰਿਹਾ ।
ਕਾਮਨਵੈਲਥ ਖੇਡਾਂ 2022 ‘ਚ ਚਾਂਦੀ ਦਾ ਤਗਮਾ ਜਿੱਤਿਆ ।
ਏਸ਼ੀਅਨ ਚੈਂਪੀਅਨਜ਼ ਟਰਾਫੀ 2023 ‘ਚ ਕਪਤਾਨ ਕਰਦਿਆਂ ਭਾਰਤ ਨੂੰ ਸੋਨ ਤਮਗਾ ਦਿਵਾਇਆ।