ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ, 04 ਸਤੰਬਰ 2025: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਮੁੱਚੇ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਰਤਨ ਨਾਲ ਸਨਮਾਨਿਤ ਸਾਬਕਾ ਰਾਸ਼ਟਰਪਤੀ ਡਾ. ਐਸ. ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨਾਂ ਅਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।

ਹਰਜੋਤ ਸਿੰਘ ਬੈਂਸ ਨੇ ਡਾ. ਐਸ. ਰਾਧਾਕ੍ਰਿਸ਼ਨਨ ਦੇ ਜਨਮਦਿਨ ਦੇ ਸਨਮਾਨ ‘ਚ ਹਰ ਸਾਲ 5 ਸਤੰਬਰ ਨੂੰ ਮਨਾਏ ਜਾਂਦੇ ਅਧਿਆਪਕ ਦਿਵਸ ਸਬੰਧੀ ਆਪਣੇ ਸੰਦੇਸ਼ ‘ਚ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ‘ਸਮਾਜ ਦੀ ਰੀੜ੍ਹ ਦੀ ਹੱਡੀ’ ਕਰਾਰ ਦਿੱਤਾ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਅਤੇ ਇੱਕ ਮਹਾਨ ਰਾਸ਼ਟਰ ਦੇ ਨਿਰਮਾਣ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਦਰਸ਼ ਨਾਗਰਿਕ ਬਣਾਉਣ ਲਈ ਉਨ੍ਹਾਂ ਨੂੰ ਗਿਆਨ, ਕਦਰਾਂ-ਕੀਮਤਾਂ ਅਤੇ ਹੁਨਰਾਂ ਨਾਲ ਲੈੱਸ ਕਰਨ ਲਈ ਅਧਿਆਪਕਾਂ ਦੇ ਅਣਥੱਕ ਯਤਨਾਂ ਦੀ ਪ੍ਰਸ਼ੰਸ ਕੀਤੀ।

ਉਨ੍ਹਾਂ ਕਿਹਾ ਕਿ ਸੂਬੇ ਦੇ ਅਧਿਆਪਕਾਂ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ‘ਚ ਸਕਾਰਾਤਮਕ ਬਦਲਾਅ ਲਿਆਂਦਾ ਹੈ। ਸੂਬੇ ‘ਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਭਵਿੱਖੀ ਚੁਣੌਤੀਆਂ ਲਈ ਸਸ਼ਕਤ ਬਣਾਉਣ ਵਾਸਤੇ “ਸਕੂਲ ਆਫ਼ ਐਮੀਨੈਂਸ” ਅਤੇ “ਸਕੂਲ ਆਫ਼ ਹੈਪੀਨੈੱਸ” ਵਰਗੇ ਉਪਰਾਲੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਇਸ ਵਾਰ ਨੀਟ ਅਤੇ ਜੇ.ਈ.ਈ. ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਸ ਦੇ ਨਾਲ ਹੀ ਪੰਜਾਬ ਨੇ ਨੈਸ਼ਨਲ ਐਚੀਵਮੈਂਟ ਸਰਵੇ (ਐਨ.ਏ.ਐਸ.) 2024 ‘ਚ ਸਿਖਰਲਾ ਸਥਾਨ ਹਾਸਲ ਕੀਤਾ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਆਪਣਾ ਸਮਰਥਨ ਜਾਰੀ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਦੀ ਸੇਵਾ ‘ਚ ਸਮਰਪਿਤ ਭਾਵਨਾ ਨਾਲ ਡਟੇ ਰਹਿਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਚੁਣੌਤੀ ‘ਚ ਸਮਾਜ ਲਈ ਰੋਲ ਮਾਡਲ ਅਤੇ ਪ੍ਰੇਰਕ ਵਜੋਂ ਅਧਿਆਪਕਾਂ ਦਾ ਯੋਗਦਾਨ ਸੂਬੇ ਦੀ ਸਹਾਇਤਾ ‘ਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।

Read More: ਕੁਲਤਾਰ ਸਿੰਘ ਸੰਧਵਾਂ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ PM ਮੋਦੀ ਤੋਂ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ

Scroll to Top