Harjot Singh Bains

ਹਰਜੋਤ ਸਿੰਘ ਬੈਂਸ ਵੱਲੋਂ ਫਿਨਲੈਂਡ ਦੇ ਸਫੀਰ ਨਾਲ ਪ੍ਰਾਇਮਰੀ ਅਧਿਆਪਕਾਂ ਦੀ ਟ੍ਰੇਨਿੰਗ ਸੰਬੰਧੀ ਸਮਝੌਤਾ

ਨਵੀਂ ਦਿੱਲੀ/ਚੰਡੀਗੜ੍ਹ, 27 ਸਤੰਬਰ 2024: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਨਵੀਂ ਦਿੱਲੀ ‘ਚ ਫਿਨਲੈਂਡ ਦੇ ਸਫੀਰ ਕਿਮੋ ਲਾਹਾਦੇਵੀਰੱਤਾ ਨਾਲ ਇੱਕ ਸਮਝੌਤਾ (ਐਮ.ਓ.ਯੂ.) ਕੀਤਾ ਹੈ। ਪੰਜਾਬ ਸਰਕਾਰ ਮੁਤਾਬਕ ਇਸਦਾ ਉਦੇਸ਼ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ (Primary teacher) ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿਵਾਉਣ ਹੈ | ਇਸ ਦੌਰਾਨ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਹਾਜ਼ਰ ਰਹੇ |

ਇਸ ਸੰਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡਾ ਸਿੱਖਿਆ ਸੰਬੰਧੀ ਸਮਝੌਤਾ ਫਿਨਲੈਂਡ ਨਾਲ ਸਿਰੇ ਚੜ੍ਹਿਆ ਹੈ | ਇਸ ਸਮਝੌਤੇ ਨਾਲ ਸਾਡੇ ਸੂਬੇ ਦਾ ਪ੍ਰਾਇਮਰੀ ਸਿੱਖਿਆ ਢਾਂਚਾ ਹੋਰ ਮਜ਼ਬੂਤ ਹੋਵੇਗਾ। ਇਸਦੇ ਨਾਲ ਨਾਲ ਹੀ ਦੋਵੇਂ ਦੇਸ਼ਾਂ ਵਿਚਾਲੇ ਸੱਭਿਆਚਾਰ ਸਾਂਝ ਵੀ ਵਧੇਗੀ। ਜਿਕਰਯੋਗ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਦੂਜਾ ਸੂਬਾ ਬਣ ਗਿਆ ਹੈ, ਜਿਸ ਨੇ ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਤੋਂ ਸਿਖਲਾਈ ਦਿਵਾਉਣ ਲਈ ਇਹ ਸਮਝੌਤਾ ਕੀਤਾ ਹੈ।

ਇਸ ਸਮਝੌਤੇ ਬਾਰੇ ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਫਿਨਲੈਂਡ ਪੂਰੀ ਦੁਨੀਆ ‘ਚ ਪ੍ਰਾਇਮਰੀ ਸਿੱਖਿਆ ਦੇ ਖੇਤਰ ‘ਚ ਅਵਲ ਦੇਸ਼ ਹੈ | ਫਿਨਲੈਂਡ ‘ਚ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣ ਲਈ ਨਾਟਕ, ਪੜਚੋਲ ਅਤੇ ਰੋਜਾਨਾ ਦੀ ਦਿਨਚਰਿਆ ਦੀ ਵਰਤੋਂ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਬੱਚੇ ਦੇ ਮੁੱਢਲੇ ਸਮੇਂ ‘ਚ ਹੀ ਉਸਨੂੰ ਸਿੱਖਿਆ ਅਤੇ ਸੰਭਾਲ ’ਤੇ ਜ਼ੋਰ ਦਿੰਦੀ ਹੈ, ਤਾਂ ਜੋ ਸਾਰੀ ਉਮਰ ਬੱਚੇ ਵਿੱਚ ਸਿੱਖਣ ਅਤੇ ਸਮਝਣ ਦੇ ਗੁਣ ‘ਸੀ ਵਾਧਾ ਹੁੰਦਾ ਰਹੇ । ਬੈਂਸ ਨੇ ਦੱਸਿਆ ਕਿ ਫਿਨਲੈਂਡ ਦੀਆਂ 5 ਯੂਨੀਵਰਸਿਟੀਆਂ ਦੁਆਰਾ ਇਹ ਸਿਖਲਾਈ ਦੇਣ ਲਈ ਇੱਛਾ ਜਤਾਈ ਸੀ, ਇਨ੍ਹਾਂ ‘ਚੋਂ ਯੂਨੀਵਰਸਿਟੀ ਆਫ ਤੁਰਕੂ ਨੂੰ ਚੁਣਿਆ ਗਿਆ ਹੈ।

ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 202 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਗਾਪੁਰ ਦੀਆਂ ਦੋ ਸੰਸਥਾਵਾਂ- ਪ੍ਰਿੰਸੀਪਲ ਅਕੈਡਮੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸਿੰਗਾਪੁਰ ਇੰਟਰਨੈਸ਼ਨਲ ‘ਚ ਲੀਡਰਸ਼ਿਪ ਵਿਕਾਸ ਪ੍ਰੋਗਰਾਮ ‘ਚ ਆਪਣੀ ਸਿਖਲਾਈ ਦਿਵਾਈ ਹੈ। ਇਸਦੇ ਨਾਲ ਹੀ 102 ਮੁੱਖ ਅਧਿਆਪਕਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਵਿਖੇ ਲੀਡਰਸ਼ਿਪ, ਸਕੂਲ ਪ੍ਰਬੰਧਨ, ਸਬੰਧੀ ਸਿਖਲਾਈ ਦਿਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਨਲੈਂਡ ਵਿਖੇ ਟ੍ਰੇਨਿੰਗ ਹਾਂਸਲ ਕਰਨ ਦੇ ਇਛੁੱਕ ਅਧਿਆਪਕ 27 ਸਤੰਬਰ 2024 ਸ਼ਾਮ ਤੱਕ ਵੈਬਸਾਈਟ ‘ਤੇ ਅਪਲਾਈ ਕਰ ਸਕਦੇ ਹਨ।

Scroll to Top