government schools

ਹਰਜੋਤ ਸਿੰਘ ਬੈਂਸ ਵਲੋਂ ਜਾਤ ਅਤੇ ਬਰਾਦਰੀ ਅਧਾਰਿਤ ਨਾਵਾਂ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੇ ਹੁਕਮ

ਚੰਡੀਗੜ੍ਹ 01 ਦਸੰਬਰ 2022 : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਵਿਚ ਸਥਿਤ ਅਜਿਹੇ ਸਾਰੇ ਸਰਕਾਰੀ ਸਕੂਲਾਂ (Government Schools) ਦੇ ਨਾਮ ਬਦਲਣ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਦੇ ਨਾਮ ਨ ਜਾਤ ਅਤੇ ਬਰਾਦਰੀ ਅਧਾਰਿਤ ਰੱਖੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ.ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਕਿਸੇ ਜ਼ਾਤ ਬਰਾਦਰੀ ਨਾਲ ਜੋੜ ਕੇ ਰੱਖੇ ਹੋਣ ਸਬੰਧੀ ਕਈ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਆਏ ਹਨ ਜ਼ੋ ਕਿ ਮੌਜੂਦਾ ਦੌਰ ਵਿਚ ਅਸਭਿਅਕ ਹੋਣ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਨਾਲ ਹੀ ਸਮਾਜ ਵਿਚ ਜਾਤੀ ਵਿਖਰੇਵੇਂ ਨੂੰ ਉਤਸ਼ਾਹਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਧਰਮ ਨਿਰਪੱਖ ਅਤੇ ਜਾਤ-ਪਾਤ ਤੋਂ ਉਪਰ ਉੱਠ ਕੇ ਸਮੂਹ ਵਿਦਿਆਰਥੀਆਂ ਨੂੰ ਬਰਾਬਰਤਾ ਦੇ ਅਧਾਰ ‘ਤੇ ਇੱਕ ਸਮਾਨ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਦੇ ਨਾਵਾਂ ਨੂੰ ਇੱਕ ਵਰਗ ਜਾਂ ਜਾਤੀ ਨਾਲ ਸੰਬੰਧਿਤ ਨਹੀਂ ਕੀਤਾ ਜਾ ਸਕਦਾ।

ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਅਤੇ ਮਹਾਨ ਪੈਗੰਬਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਮਨੁੱਖਤਾ ਨੂੰ ਜਾਤ-ਪਾਤ ਅਤੇ ਹਰ ਕਿਸਮ ਦੇ ਭੇਦ-ਭਾਵ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਅਨੁਸਾਰ ਵਿਦਿਆਰਥੀਆਂ ਦੇ ਕੋਮਲ ਮਨਾਂ ‘ਤੇ ਇਹਨਾਂ ਨਾਵਾਂ ਦਾ ਡੂੰਘਾ ਅਸਰ ਪੈਂਦਾ ਹੈ ਅਤੇ ਕਈ ਵਾਰੀ ਬਹੁਤ ਸਾਰੇ ਮਾਪੇ ਵੀ ਆਪਣੇ ਬੱਚਿਆਂ ਨੂੰ ਇਹਨਾਂ ਨਾਵਾਂ ਕਾਰਨ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਤੋਂ ਗੁਰੇਜ਼ ਕਰਦੇ ਹਨ।

ਇਸ ਸਬੰਧੀ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਤੋਂ ਉਨ੍ਹਾਂ ਅਧੀਨ ਖੇਤਰ ਵਿੱਚ ਚਲ ਰਹੇ ਵੱਖ-ਵੱਖ ਜਾਤੀ ਅਧਾਰਿਤ ਨਾਵਾਂ ਦੇ ਸਕੂਲਾਂ ਦੀ ਰਿਪੋਰਟ ਮੰਗੀ ਗਈ ਹੈ। ਇਸ ਰਿਪੋਰਟ ਦੇ ਮਿਲਣ ਉਪਰੰਤ ਇਹਨਾਂ ਨਾਵਾਂ ਨੂੰ ਬਦਲਣ ਲਈ ਵਿਭਾਗ ਵੱਲੋਂ ਬਿਨਾ ਦੇਰੀ ਕਾਰਵਾਈ ਕਰਨ ਲਈ ਮੁੱਖ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕੀਤੇ ਗਏ ਹਨ।

Scroll to Top