Best School Award

ਹਰਜੋਤ ਸਿੰਘ ਬੈਂਸ ਵੱਲੋਂ 161 ਸਰਕਾਰੀ ਸਕੂਲਾਂ ਨੂੰ ‘ਬੈਸਟ ਸਕੂਲ ਐਵਾਰਡ’ ਨਾਲ ਸਨਮਾਨਿਤ

ਚੰਡੀਗੜ੍ਹ, 7 ਮਾਰਚ 2025: ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ 161 ਸਰਕਾਰੀ ਸਕੂਲਾਂ ਨੂੰ “ਬੈਸਟ ਸਕੂਲ ਐਵਾਰਡ” (Best School Award) ਨਾਲ ਸਨਮਾਨਿਤ ਕੀਤਾ ਜਿਸਦੀ ਕੁੱਲ ਇਨਾਮੀ ਰਾਸ਼ੀ 11 ਕਰੋੜ ਰੁਪਏ ਹੈ।

ਐਮ.ਸੀ. ਭਵਨ ਵਿਖੇ ਇਨਾਮ ਵੰਡ ਸਮਸਗਮ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੈਸ਼ਨ 2023-24 ਲਈ 92 ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਸੈਸ਼ਨ 2024-25 ਲਈ 69 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਪ੍ਰਾਇਮਰੀ ਸਕੂਲ ਨੂੰ 2.5 ਲੱਖ ਰੁਪਏ, ਹਰੇਕ ਮਿਡਲ ਸਕੂਲ ਨੂੰ 5 ਲੱਖ ਰੁਪਏ, ਹਰੇਕ ਹਾਈ ਸਕੂਲ ਨੂੰ 7.5 ਲੱਖ ਰੁਪਏ ਅਤੇ ਹਰੇਕ ਸੀਨੀਅਰ ਸੈਕੰਡਰੀ ਸਕੂਲ ਨੂੰ 10 ਲੱਖ ਰੁਪਏ ਨਕਦ ਇਨਾਮ (Best School Award) ਦਿੱਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਦੀ ਚੋਣ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਕਿ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਾਪਤੀ, ਹਾਜ਼ਰੀ, ਭਾਈਚਾਰਕ ਸ਼ਮੂਲੀਅਤ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਰਗੇ ਸਖ਼ਤ ਮਾਪਦੰਡਾਂ ‘ਤੇ ਧਿਆਨ ਕੇਂਦਰਿਤ ਕਰਦੇ ਹਨ।

ਸਾਰੇ ਪੁਰਸਕਾਰ ਜੇਤੂ ਸਕੂਲਾਂ ਨੂੰ ਵਧਾਈ ਦਿੰਦੇ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਕੂਲ ਸਿੱਖਿਆ ਦੇ ਖੇਤਰ ‘ਚ ਉੱਤਮਤਾ ਪ੍ਰਾਪਤ ਕਰਨ ਲਈ ਦੂਜੇ ਸਕੂਲਾਂ ਲਈ ਰੋਲ ਮਾਡਲ ਬਣ ਜਾਣਗੇ। ਉਨ੍ਹਾਂ ਸਕੂਲ ਮੁਖੀਆਂ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਵਿਦਿਅਕ ਕ੍ਰਾਂਤੀ ‘ਚ ਤਬਦੀਲੀ ਦੇ ਉਤਪ੍ਰੇਰਕ ਵਜੋਂ ਕੰਮ ਕਰਨ ਲਈ ਵੀ ਕਿਹਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਸੈਸ਼ਨ ਤੋਂ ਰਾਜ ਪੱਧਰੀ ਸਰਵੋਤਮ ਸਕੂਲ ਪੁਰਸਕਾਰ ਸ਼ੁਰੂ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ।

ਸਕੂਲਾਂ ਦੇ ਵਿਕਾਸ ‘ਚ ਸਕੂਲ ਮੁਖੀਆਂ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਮੰਤਰੀ ਬੈਂਸ ਨੇ ਪੁਰਸਕਾਰ ਜੇਤੂ ਸਕੂਲ ਮੁਖੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ‘ਚ ਮਿਆਰੀ ਸਿੱਖਿਆ ਅਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲੇ ਵਧਾਉਣ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਸੂਬਾ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ‘ਚ ਵਿਸ਼ਵ ਪੱਧਰੀ ਸਿੱਖਿਆ ਨੂੰ ਯਕੀਨੀ ਬਣਾ ਰਹੀ ਹੈ, ਅਧਿਆਪਕਾਂ ਨੂੰ ਸਿਖਲਾਈ ਲਈ ਯੂਨੀਵਰਸਿਟੀ ਆਫ਼ ਤੁਰਕੂ (ਫਿਨਲੈਂਡ) ਵਰਗੀਆਂ ਨਾਮਵਰ ਸੰਸਥਾਵਾਂ ਵਿੱਚ ਭੇਜ ਕੇ ਉਨ੍ਹਾਂ ਨੂੰ ਨਵੀਨਤਮ ਸਿੱਖਿਆ ਵਿਧੀਆਂ ਨਾਲ ਲੈਸ ਕੀਤਾ ਜਾ ਰਿਹਾ ਹੈ।

ਐਸ ਬੈਂਸ ਨੇ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨਿੰਦਿਤਾ ਮਿੱਤਰਾ ਅਤੇ ਸਾਰੀਆਂ ਮਹਿਲਾ ਅਧਿਆਪਕਾਂ ਅਤੇ ਸਟਾਫ਼ ਨੂੰ ਮਹਿਲਾ ਦਿਵਸ ਦੀ ਪੂਰਵ ਸੰਧਿਆ ‘ਤੇ ਵਧਾਈ ਦਿੱਤੀ। ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਬਹੁਤ ਸਾਰੇ ਸਕੂਲ ਮਹਿਲਾ ਪ੍ਰਿੰਸੀਪਲਾਂ ਦੁਆਰਾ ਚਲਾਏ ਜਾ ਰਹੇ ਹਨ।

ਇਸ ਦੌਰਾਨ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨਿੰਦਿਤਾ ਮਿੱਤਰਾ ਨੇ ਪ੍ਰਸਿੱਧ ਆਗੂ ਨੈਲਸਨ ਮੰਡੇਲਾ ਦਾ ਹਵਾਲਾ ਦਿੰਦੇ ਹੋਏ ਕਿਹਾ, “ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸਦੀ ਵਰਤੋਂ ਦੁਨੀਆ ਨੂੰ ਬਦਲਣ ਲਈ ਕੀਤੀ ਜਾ ਸਕਦੀ ਹੈ।” ਅਧਿਆਪਕਾਂ ਨੂੰ ਇੱਕ ਪ੍ਰਗਤੀਸ਼ੀਲ ਸਮਾਜ ਦੀ ਉਸਾਰੀ ਲਈ ਬਦਲਾਅ ਲਿਆਉਣ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੁਰਸਕਾਰ ਜੇਤੂ ਸਕੂਲਾਂ ਦੇ ਮੁਖੀਆਂ ਅਤੇ ਸਟਾਫ਼ ਨੂੰ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

Read More: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੇਂਦਰੀ ਮੰਤਰੀ ਨੂੰ 5 ਨਵੇਂ ਪੁਲ ਬਣਾਉਣ ਦੀ ਮੰਗ

Scroll to Top