July 4, 2024 7:03 pm
Harjot Singh Bains

ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਦੇ ਨਵੇਂ ਸੈਸ਼ਨ ਦੇ ਦਾਖਲੇ ਵਧਾਉਣ ਲਈ ਜਾਗਰੂਕਤਾ ਵੈਨ ਨੂੰ ਦਿੱਤੀ ਹਰੀ ਝੰਡੀ

ਰੂਪਨਗਰ, 22 ਫਰਵਰੀ 2023: ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਨੂੰ ਵੱਧ ਤੋਂ ਵੱਧ ਯਕੀਨੀ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ (Harjot Singh Bains) ਨੇ ਅੱਜ ਨਵੇਂ ਸੈਸ਼ਨ ਦੇ ਦਾਖਲਾ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤੀ। ਇਸ ਮੌਕੇ ਸ. ਹਰਜੋਤ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਵਿੱਚ ਸਰਕਾਰੀ ਸਕੂਲਾਂ ਵਿਖੇ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣ ਲਈ ਅਤੇ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ 23 ਜਾਗਰੂਕਤਾ ਵੈਨਾਂ ਅਗਲੇ ਤਿੰਨ ਦਿਨ ਤੱਕ ਸ਼ਹਿਰਾਂ ਅਤੇ ਪਿੰਡਾਂ ਵਿਚ ਪ੍ਰਚਾਰ ਕਰਨਗੀਆਂ।

ਉਨ੍ਹਾਂ ਕਿਹਾ ਕਿ ਅਜੇ ਤੱਕ ਕੇਵਲ ਪ੍ਰਾਈਵੇਟ ਸਕੂਲਾਂ ਵੱਲੋਂ ਹੀ ਆਪਣਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਸਿੱਖਿਆ ਵਿਭਾਗ ਵੀ ਸਰਕਾਰੀ ਸਕੂਲਾਂ ਦੇ ਦਾਖਲੇ ਪ੍ਰਕਿਰਿਆ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੂਬੇ ਦੇ ਕੋਨੇ ਕੋਨੇ ਵਿਚ ਪ੍ਰਚਾਰ ਕਰੇਗਾ। ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਲਈ ਗਏ ਇਤਹਾਸਿਕ ਫੈਸਲੇ ਅਤੇ ਨੀਤੀਆਂ ਬਾਰੇ ਦੱਸਿਆ ਜਾਵੇਗਾ।

ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਕਿ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਸਰਕਾਰੀ ਸਕੂਲਾਂ ਵਿਚ ਸਿੱਖਿਆ ਪ੍ਰਣਾਲੀ ਵਿਚ ਵਿਆਪਕ ਪੱਧਰ ਉੱਤੇ ਸੁਧਾਰ ਕੀਤਾ ਜਾ ਸਕੇ ਅਤੇ ਆਮ ਲੋਕਾਂ ਦੇ ਬੱਚੇ ਵੀ ਆਧੁਨਿਕ ਢੰਗ ਨਾਲ ਮਿਆਰੀ ਸਿੱਖਿਆ ਹਾਸਲ ਕਰ ਸਕਣ।

ਉਨ੍ਹਾਂ ਕਿਹਾ ਕਿ ਆਧਿਆਪਕਾਂ ਤੇ ਮਾਪਿਆਂ ਦੀ ਮਿਲਣੀ ਹੋਈ ਜਿਸ ਵਿਚ 19 ਲੱਖ ਦੇ ਕਰੀਬ ਮਾਪਿਆਂ ਨੇ ਹਿੱਸਾ ਲੈ ਕੇ ਇਤਹਾਸ ਰੱਚ ਦਿੱਤਾ। ਸ. ਹਰਜੋਤ ਬੈਂਸ ਨੇ ਅੱਗੇ ਕਿਹਾ ਕਿ ਇਸ ਸਾਲ ਸੂਬੇ ਦੇ ਸਕੂਲਾਂ ਵਿਚ 1800 ਦੇ ਕਰੀਬ ਨਵੇਂ ਕਮਰੇ ਤਿਆਰ ਕੀਤੇ ਗਏ ਹਨ ਅਤੇ 300 ਨਵੇਂ ਸਕੂਲ ਖੋਲ੍ਹੇ ਗਏ ਹਨ।

ਅਗਲੇ ਸਾਲ ਤੱਕ ਰਾਜ ਦੇ ਸਕੂਲਾਂ ਵਿਚ ਸ਼ਾਨਦਾਰ ਫਰਨੀਚਰ ਵੀ ਮੁਹੱਈਆ ਕਰਵਾਇਆ ਜਾਵੇਗਾ। ਸਕੂਲ ਆਫ ਐਮੀਨੈਂਸ ਸਬੰਧੀ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ 117 ਸਕੂਲ ਆਫ ਐਮੀਨੈਂਸ ਵਿਚ ਦਾਖਲੇ ਲਈ ਪੋਰਟਲ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜੋ ਕਿ 10 ਮਾਰਚ ਤੱਕ ਖੁੱਲ੍ਹੇ ਰਹਿਣਗੇ। ਇਨ੍ਹਾਂ ਸਕੂਲਾਂ ਵਿਚ 75 ਫ਼ੀਸਦ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹੋਣਗੇ ਅਤੇ ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਦਾਖਲੇ ਸਕੂਲ ਆਫ ਐਮੀਨੈਂਸ ਵਿਚ ਜਰੂਰ ਕਰਵਾਉਣ ਤਾਂ ਜੋ ਬੱਚਿਆਂ ਦਾ ਭਵਿੱਖ ਬਿਹਤਰ ਬਣਾਇਆ ਜਾ ਸਕੇ |

ਉਨ੍ਹਾਂ ਨੇ ਕਿਹਾ ਅਗਲੇ ਕੁਝ ਸਾਲਾਂ ਵਿਚ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਕਰ ਦਿੱਤਾ ਜਾਵੇਗਾ ਜਿਸ ਵਿਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਮਿਆਰੀ ਸਿੱਖਿਆ ਦਿੱਤੀ ਜਾਵੇਗੀ ਅਤੇ ਉਚੇਰੀ ਸਿੱਖਿਆ ਲਈ ਵਾਧੂ ਕੋਚਿੰਗ ਦੇ ਵੀ ਪ੍ਰਬੰਧ ਕੀਤੇ ਜਾਣਗੇ। ਇਸ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਰਕਾਰੀ ਸਕੂਲਾਂ ਨੂੰ ਸਿੱਖਰਾਂ ਉੱਤੇ ਲੈਕੇ ਜਾਣ ਲਈ ਸਿੱਖਿਆ ਵਿਭਾਗ ਤੇ ਸਮੂਹ ਅਫਸਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਉਪਰਾਲੇ ਕਰ ਰਹੇ ਹਨ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਿੱਖਿਆ ਦਾ ਢਾਂਚਾ ਹੋਰ ਮਜਬੂਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਵਿਸ਼ਵਾਸ ਦਿਵਾਉਂਦਿਆਂ ਕਿਹਾ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਜਲਦ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਤੋਂ ਬੇਹੱਦ ਸੰਤੁਸ਼ਟ ਹੋਣਗੇ। ਸਰਕਾਰੀ ਸਕੂਲਾਂ ਦੀ ਦਿੱਖ, ਸਿੱਖਣ ਸਿਖਾਉਣ ਲਈ ਡਿਜੀਟਲ ਤਕਨੀਕ ਦੀ ਵਰਤੋਂ, ਵਿਦਿਆਰਥੀਆਂ ਨੂੰ ਮਿਲਦੀਆਂ ਸਹੂਲਤਾਂ ਅਤੇ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਕਾਰਨ ਅੱਜ ਸਰਕਾਰੀ ਸਕੂਲ ਨਿੱਜੀ ਸਕੂਲਾਂ ਤੋਂ ਕਿਤੇ ਅੱਗੇ ਜਾ ਰਹੇ ਹਨ। ਇਸ ਸਮੇਂ ਉਨ੍ਹਾਂ ਨਿੱਜੀ ਸਕੂਲ ਨੂੰ ਪਛਾੜ ਚੁੱਕੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ ਦੀ ਮਾਪਿਆਂ ਨੂੰ ਅਪੀਲ ਕੀਤੀ।

ਇਸ ਮੌਕੇ ਡੀ.ਸੀ. ਰੂਪਨਗਰ ਡਾ. ਪ੍ਰੀਤੀ ਯਾਦਵ ਤੇ ਹਲਕਾ ਵਿਧਾਇਕ ਰੂਪਨਗਰ ਸ਼੍ਰੀ ਦਿਨੇਸ਼ ਕੁਮਾਰ ਚੱਢਾ, ਡੀ.ਜੀ.ਐਸ.ਈ. ਵਿਨੈ ਬੁਬਲਾਨੀ, ਡਾਇਰੈਕਟਰ ਐਸ.ਸੀ.ਈ.ਆਰ.ਟੀ ਡਾ. ਮਨਿੰਦਰ ਸਰਕਾਰੀਆ, ਐਸਿਸਟੈਂਟ ਡਾਇਰੈਕਟਰ ਡਾ. ਸ਼ੰਕਰ ਚੌਧਰੀ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ) ਪ੍ਰੇਮ ਕੁਮਾਰ ਮਿੱਤਲ, ਜ਼ਿਲ੍ਹਾ ਸਿੱਖਿਆ ਅਫਸਰ (ਪ੍ਰ) ਰੂਪਨਗਰ ਸੰਗੀਤਾ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ, ਸੁਪਰਡੈਂਟ ਲਖਵੀਰ ਸਿੰਘ ਲੱਖਾ, ਸੁਰਿੰਦਰ ਰਾਣਾ, ਕੁਲਦੀਪ ਪਰਮਾਰ, ਲਖਵਿੰਦਰ ਸਿੰਘ, ਅਵਤਾਰ ਸਿੰਘ, ਪਰਮਜੀਤ ਕੁਮਾਰ, ਬਲਬੀਰ ਸਿੰਘ ਵੜੈਚ ਤੇ ਹੋਰ ਵੱਖ-ਵੱਖ ਸੀਨੀਅਰ ਅਧਿਕਾਰੀ ਹਾਜ਼ਰ ਸਨ।