ਨੰਗਲ, 11 ਅਕਤੂਬਰ 2025: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੀਣਯੋਗ ਪਾਣੀ ਦੇ ਪ੍ਰਬੰਧ ਲਈ ਨੰਗਲ ‘ਚ 16 ਕਰੋੜ ਰੁਪਏ ਦਾ ਪਾਈਪਲਾਈਨ ਜਲ ਪ੍ਰੋਜੈਕਟ ਦਾ ਐਲਾਨ ਕੀਤਾ ਹੈ | ਇਸ ਪ੍ਰੋਜੈਕਟ ਰਾਹੀਂ ਸਤਲੁਜ ਦਰਿਆ ਤੋਂ ਸ਼ਹਿਰ ਦੇ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਵੇਗਾ ਅਤੇ ਇਹ ਪ੍ਰੋਜੈਕਟ 18 ਮਹੀਨਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ।
ਇਸ ਪ੍ਰੋਜੈਕਟ ਬਾਰੇ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਪ੍ਰੋਜੈਕਟ, ਜਿਸ ਲਈ ਟੈਂਡਰ ਜਾਰੀ ਕਰ ਦਿੱਤੇ ਹਨ, ਤਹਿਤ ਦੋ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕੀਤੇ ਜਾਣਗੇ | ਇਸਦੇ ਨਾਲ ਹੀ ਮੌਜੂਦਾ ਪਲਾਂਟਾਂ ਦੀ 4ਐਮਐਲਡੀ ਸਮਰੱਥਾ ‘ਚ ਵਾਧਾ ਕੀਤਾ ਜਾਵੇਗਾ।
ਹਰਜੋਤ ਸਿੰਘ ਬੈਂਸ ਨੇ ਕਿਹਾ ਨੰਗਲ ਦੇ ਵਸਨੀਕਾਂ ਵਾਸਤੇ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਯਤਨ ਜਾਰੀ ਹਨ | ਉਨ੍ਹਾਂ ਕਿਹਾ ਕਿ 18 ਮਹੀਨਿਆਂ ਦੇ ਅੰਦਰ ਹਰ ਘਰ ਨੂੰ ਸਤਲੁਜ ਦਰਿਆ ਤੋਂ ਸ਼ੁੱਧ-ਸਾਫ਼ ਪਾਣੀ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ |
ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਨੰਗਲ ਦੇ ਪਾਣੀ ਸੰਕਟ ਨੂੰ ਹੱਲ ਕਰਨ ਦੀਆਂ ਪਿਛਲੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਉਦਯੋਗਿਕ ਪ੍ਰਦੂਸ਼ਣ ਕਾਰਨ ਬੁਰੀ ਤਰ੍ਹਾਂ ਦੂਸ਼ਿਤ ਹੋ ਗਿਆ ਹੈ, ਜੋ ਜਨਤਕ ਸਿਹਤ ਲਈ ਇੱਕ ਖ਼ਤਰਾ ਹੈ। ਅਜਿਹੇ ਹਾਲਾਤਾਂ ਨੂੰ ਦੇਖਦਿਆਂ ਸੁਰੱਖਿਅਤ ਅਤੇ ਸਾਫ਼ ਪਾਣੀ ਦੀ ਸਪਲਾਈ ਲਈ ਠੋਸ ਹੱਲ ਦੀ ਜ਼ਰੂਰਤ ਮਹਿਸੂਸ ਹੋਈ, ਜਿਸਨੂੰ ਨਵੇਂ ਪ੍ਰੋਜੈਕਟ ਤਹਿਤ ਸਤਲੁਜ ਦਰਿਆ ਤੋਂ ਨੰਗਲ ਵਾਸੀਆਂ ਨੂੰ ਪਾਣੀ ਦੀ ਸਪਲਾਈ ਰਾਹੀਂ ਪੂਰਾ ਕੀਤਾ ਜਾਵੇਗਾ।
Read More: ਉੱਘੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਨਾ ਪੂਰਾ ਹੋਣ ਵਾਲਾ ਘਾਟਾ: ਹਰਜੋਤ ਸਿੰਘ ਬੈਂਸ