ਚੰਡੀਗੜ੍ਹ 13 ਜੂਨ 2025: ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ (harjot singh bains) ਨੇ ਅੱਜ ਆਨੰਦਪੁਰ ਸਾਹਿਬ ਹਲਕੇ ਵਿੱਚ ਚੱਲ ਰਹੇ ਹੜ੍ਹ ਸੁਰੱਖਿਆ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ ਅਤੇ ਸਬੰਧਤ ਅਧਿਕਾਰੀਆਂ ਨੂੰ ਜੂਨ 2025 ਦੇ ਅੰਤ ਤੱਕ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਇੱਥੇ ਆਪਣੇ ਦਫ਼ਤਰ ਵਿਖੇ ਜਲ ਸਰੋਤ, ਲੋਕ ਨਿਰਮਾਣ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਚੱਲ ਰਹੇ ਹੜ੍ਹ ਸੁਰੱਖਿਆ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਇਸ ਸਮੇਂ 14 ਕਰੋੜ ਰੁਪਏ ਦੀ ਲਾਗਤ ਵਾਲੇ ਕੁੱਲ 112 ਹੜ੍ਹ ਸੁਰੱਖਿਆ ਪ੍ਰੋਜੈਕਟ (project) ਚੱਲ ਰਹੇ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨਾਲਿਆਂ ਅਤੇ ਚੋਆਂ (ਮੌਸਮੀ ਨਦੀਆਂ) ਦੀ ਸਫਾਈ, ਸਟੱਡ ਅਤੇ ਰੈਵੇਟਮੈਂਟਾਂ ਦੀ ਉਸਾਰੀ, ਚੈੱਕ ਡੈਮ ਅਤੇ ਸੋਕ ਪਿਟ ਦੀ ਉਸਾਰੀ ਸ਼ਾਮਲ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਨਸੂਨ ਦੌਰਾਨ ਹੜ੍ਹਾਂ ਦੇ ਖ਼ਤਰਿਆਂ ਤੋਂ ਖੇਤਰ ਨੂੰ ਸੁਰੱਖਿਅਤ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਖੇਤਰ ਵਿੱਚ ਜਲ ਸਰੋਤਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸਮੁੱਚੇ ਬੁਨਿਆਦੀ ਢਾਂਚੇ ਦਾ ਵਿਸਥਾਰ ਅਤੇ ਮਜ਼ਬੂਤੀ ਕੀਤੀ ਜਾ ਰਹੀ ਹੈ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਚੱਲ ਰਹੇ ਹੜ੍ਹ ਸੁਰੱਖਿਆ ਕਾਰਜ ਪਿੰਡ ਨੱਕੀਆਂ, ਮਹਿੰਦਲੀ ਖੁਰਦ, ਬਹਿਰਾਮਪੁਰ, ਰਾਏਪੁਰ ਸਾਹਨੀ, ਚਾਂਦਪੁਰ, ਮਿੰਧਵਾਂ, ਨਿੱਕੂ ਨੰਗਲ, ਜਿੰਦਵਾੜੀ, ਤਾਰਾਪੁਰ, ਭੱਲਾਰੀ, ਰਾਮਗੜ੍ਹ ਬੇਲਾ, ਪਹਾੜਪੁਰ ਅਤੇ ਸਾਧੇਵਾਲ ਦੇ ਵਸਨੀਕਾਂ ਨੂੰ ਲਾਭ ਪਹੁੰਚਾਉਣਗੇ, ਜਿਸ ਨਾਲ ਮਾਨਸੂਨ ਦੌਰਾਨ ਹੜ੍ਹਾਂ ਤੋਂ ਰਾਹਤ ਮਿਲੇਗੀ ਅਤੇ ਸਿੰਚਾਈ ਸਹੂਲਤਾਂ ਬਿਹਤਰ ਹੋਣਗੀਆਂ।