ਸ੍ਰੀ ਅਨੰਦਪੁਰ ਸਾਹਿਬ, 15 ਜੁਲਾਈ ,2023: ਪਹਾੜਾਂ ਤੋਂ ਆਏ ਬਰਸਾਤਾਂ ਦੇ ਪਾਣੀ ਅਤੇ ਮੈਦਾਨੀ ਖੇਤਰਾਂ ਵਿੱਚ ਪਏ ਮੀਂਹ ਨਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਆਈ ਗਤੀ ਕਾਰਨ ਤੇਜੀ ਨਾਲ ਸੁਧਰ ਰਹੇ ਹਾਲਾਤ ਦਾ ਪਿੰਡ-ਪਿੰਡ ਜਾ ਕੇ ਜਾਇਜਾ ਲੈ ਰਹੇ ਕੈਬਨਿਟ ਮੰਤਰੀ ਹਰਜੋਤ ਬੈਂਸ (Harjot Singh Bains) ਨੇ ਕੁਦਰਤੀ ਆਫਤ ਦੌਰਾਨ ਲੋਕਾਂ ਦੇ ਹੋਏ ਭਾਰੀ ਮਾਲੀ ਨੁਕਸਾਨ ਤੇ ਦੁੱਖ ਪ੍ਰਗਟ ਕਰਨ ਦੇ ਨਾਲ-ਨਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਮੱਦਦ ਅਤੇ ਪ੍ਰਸ਼ਾਸ਼ਨ ਵੱਲੋਂ ਰਾਹਤ ਤੇ ਬਚਾਅ ਕਾਰਜਾਂ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਮਜਬੂਤ ਭਾਈਚਾਰਕ ਸਾਂਝ ਤੇ ਤਸੱਲੀ ਪ੍ਰਗਟ ਕੀਤੀ ਹੈ।
ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡਾਂ ਦੇ ਦੌਰੇ ਦੌਰਾਨ ਜਿੱਥੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਜਾਣਿਆ ਹੈ, ਉਨ੍ਹਾਂ ਦੇ ਨਾਲ ਇਸ ਇਲਾਕੇ ਵਿੱਚ ਵਿਸ਼ੇਸ਼ ਤੌਰ ਤੇ ਆਏ ਰਾਜ ਸਭਾ ਮੈਂਬਰ ਪਦਮ ਸ਼੍ਰੀ ਬਿਕਰਮਜੀਤ ਸਿੰਘ ਸਾਹਨੀ ਵੱਲੋਂ ਵੰਡੀ ਜਾ ਰਹੀ ਖਾਦ ਸਮੱਗਰੀ, ਪਸ਼ੂ ਚਾਰਾ, ਦਵਾਈਆਂ, ਸੇਫਟੀ ਕਿੱਟ, ਵਾਟਰ ਪਰੂਫ ਟੈਂਟ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।
ਕੈਬਨਿਟ ਮੰਤਰੀ ਹਰਜੋਤ ਬੈਂਸ (Harjot Singh Bains), ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ, ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਐਸ.ਐਸ.ਪੀ ਵਿਵੇਕਸ਼ੀਲ ਸੋਨੀ ਦੂਰ-ਦੁਰਾਡੇ ਪੈਂਡੂ ਖੇਤਰਾਂ ਵਿੱਚ ਪ੍ਰਭਾਵਿਤ ਲੋਕਾਂ ਅਤੇ ਨੁਕਸਾਨੇ ਗਏ ਇਲਾਕਿਆਂ ਦਾ ਜਾਇਜਾ ਲੈ ਚੁੱਕੇ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਸੱਦੇ ਤੇ ਇਸ ਇਲਾਕੇ ਵਿੱਚ ਪਹੁੰਚੇ ਰਾਜ ਸਭਾ ਮੈਂਬਰ ਨੇ ਜਿੱਥੇ ਸਰਸਾ ਨਦੀ ਨੂੰ ਚੈਨੇਲਾਈਜ਼ ਕਰਨ ਦਾ ਮੁੱਦਾ ਰਾਜ ਸਭਾ ਵਿੱਚ ਚੁੱਕਣ ਦਾ ਭਰੋਸਾ ਦਿੱਤਾ ਹੈ ਉੱਥੇ ਬੁਰਜ ਬੰਨ੍ਹ ਦੀ ਮੁਰੰਮਤ ਲਈ 50 ਲੱਖ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਕਈ ਪਿੰਡ ਪਾਣੀ ਦੀ ਮਾਰ ਤੋਂ ਬੱਚ ਜਾਣਗੇ।
ਰਾਹਤ ਤੇ ਬਚਾਅ ਕਾਰਜਾਂ ਵਿੱਚ ਆਈ ਤੇਜੀ ਸਰਕਾਰ ਵੱਲੋਂ ਪ੍ਰਸ਼ਾਸ਼ਨ ਰਾਹੀਂ ਲੋੜਵੰਦਾਂ ਤੱਕ ਰਸਦ, ਪਸ਼ੂ ਚਾਰਾ, ਦਵਾਈਆਂ ਪਹੁੰਚਾਉਣ ਦੀ ਸ਼ਲਾਘਾ ਕਰਦੇ ਹੋਏ ਸ.ਬੈਂਸ ਨੇ ਕਿਹਾ ਹੈ ਕਿ ਪ੍ਰਸ਼ਾਸ਼ਨ ਨੂੰ ਆਦੇਸ਼ ਦਿੱਤੇ ਗਏ ਹਨ ਕਿ ਹਰ ਇੱਕ ਲੋੜਵੰਦ ਤੱਕ ਮਦਦ ਪਹੁੰਚਾਈ ਜਾਵੇ। ਉਨ੍ਹਾ ਦੱਸਿਆ ਕਿ 100 ਪ੍ਰਤੀਸ਼ਤ ਬਿਜਲੀ ਅਤੇ ਜਲ ਸਪਲਾਈ ਬਹਾਲ ਹੋ ਗਈ ਹੈ। ਪਿੰਡਾਂ ਵਿੱਚ ਮੈਡੀਕਲ ਕੈਂਪ ਲਗਏ ਜਾ ਰਹੇ ਹਨ। ਸਫਾਈ ਕਰਮਚਾਰੀਆਂ ਨੂੰ ਸੇਫਟੀ ਕਿੱਟ ਤੇ ਬੂਟ ਵੰਡੇ ਗਏ ਹਨ। ਲੋੜਵੰਦਾਂ ਨੂੰ ਹੋਰ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਪਹੁੰਚਾਇਆ ਜਾ ਰਿਹਾ ਹੈ। ਟੁੱਟੀਆਂ ਸੜਕਾਂ ਦੇ ਵੇਰਵੇ ਲੈ ਲਏ ਹਨ, ਉਨ੍ਹਾਂ ਦੀ ਮੁਰੰਮਤ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਬੀਤੇ ਦਿਨ ਆਪਣੇ ਵਿਸ਼ੇਸ਼ ਦੌਰੇ ਦੌਰਾਨ ਬਰਮਲਾ, ਨਿੱਕੂ ਨੰਗਲ ,ਤਲਵਾੜਾ, ਮਾਣਕਪੁਰ, ਬ੍ਰਹਮਪੁਰ, ਬੰਦਲੈਹੜੀ,ਮੇਘਪੁਰ, ਢੇਰ, ਖਮੇੜਾ,ਬੁਰਜ, ਲੋਦੀਪੁਰ, ਚੰਦਪੁਰ,ਹਰੀਵਾਲ,ਭਗਵਾਲਾ, ਗੱਜਪੁਰ, ਮਹਿੰਦਲੀ ਕਲਾਂ, ਆਲੋਵਾਲ, ਰਣਜੀਤਪੁਰਾ, ਅਵਾਨਕੋਟ,ਕੀਰਤਪੁਰ ਸਾਹਿਬ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ ਦੌਰਾਨ ਸਰਦਾਰ ਬੈਂਸ ਨੇ ਰਾਜ ਸਭਾ ਮੈਂਬਰ ਸ੍ਰੀ ਸਾਹਨੀ ਨੂੰ ਹਲਕੇ ਦੀ ਭੂਗੋਲਿਕ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀ ਕੁਦਰਤੀ ਆਫਤ ਤੋਂ ਬਚਾਅ ਲਈ ਸਰਸਾ ਨਦੀ ਨੂੰ ਚੈਨੇਲਾਈਜ਼ ਕਰਨ ਦੀ ਪ੍ਰਵਾਨਗੀ ਕੇਂਦਰ ਤੋਂ ਲੈ ਕੇ ਦੇਣ ਦੀ ਮੰਗ ਕੀਤੀ ਅਤੇ 50 ਲੱਖ ਰੁਪਏ ਬੁਰਜ਼ ਬੰਨ੍ਹ ਦੀ ਮੁਰੰਮਤ ਲਈ ਲਏ।
ਹਰਜੋਤ ਸਿੰਘ ਬੈਂਸ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ , ਐਸ.ਐਸ.ਪੀ ਵਿਵੇਕਸ਼ੀਲ ਸੋਨੀ ਅਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਜਮੀਨੀ ਹਕੀਕਤ ਦੋਂ ਜਾਣੂ ਹੋਣ ਅਤੇ ਨੇੜੇ ਹੋ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ। ਬੀਤੇ ਤਿੰਨ ਦਿਨਾਂ ਤੋਂ ਹਾਲਾਤ ਬਹੁਤ ਤੇਜੀ ਨਾਲ ਆਮ ਵਰਗੇ ਹੋ ਰਹੇ ਹਨ। ਪ੍ਰਸ਼ਾਸ਼ਨ ਪੁਰੀ ਚੌਕਸੀ ਨਾਲ ਕੰਮ ਕਰ ਰਿਹਾ ਹੈ। ਹਰ ਲੋੜਵੰਦ ਤੱਕ ਮੱਦਦ ਪਹੁੰਚ ਰਹੀ ਹੈ। ਜਿਸ ਦੀ ਨਿਗਰਾਨੀ ਖੁਦ ਕੈਬਨਿਟ ਮੰਤਰੀ ਕਰ ਰਹੇ ਹਨ।