AAP

ਆਪਣੀ ਇਮਾਨਦਾਰੀ ਦੇ ਬਲਬੂਤੇ ਕੌਂਸਲਰ ਬਣੇ ਦਵਿੰਦਰ ਰੌਣੀ ਵਰਗੇ ਮਿਹਨਤੀ ਨੌਜਵਾਨਾਂ ਹੀ ‘ਆਪ’ ਦਾ ਭਵਿੱਖ ਹਨ: ਹਰਚੰਦ ਸਿੰਘ ਬਰਸਟ

ਜਲੰਧਰ, 27 ਅਪ੍ਰੈਲ 2023: ਜਿਵੇਂ-ਜਿਵੇਂ ਜਲੰਧਰ ਜ਼ਿਮਨੀ ਚੋਣ ਦੀ ਤਾਰੀਖ਼ ਨੇੜੇ ਆ ਰਹੀ ਹੈ, ਉਵੇਂ-ਉਵੇਂ ਹੀ ਆਮ ਆਦਮੀ ਪਾਰਟੀ (AAP) ਦਾ ਪ੍ਰਚਾਰ ਅਤੇ ਕੱਦ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਇਸ ਲੜ੍ਹੀ ਤਹਿਤ ਅੱਜ ‘ਆਪ ਦੇ ਚੋਣ ਦਫ਼ਤਰ ਵਿਖੇ ਪਾਰਟੀ ਆਗੂਆਂ ‘ਤੇ ਵਰਕਰਾਂ ਦਰਮਿਆਨ ਮਹੱਤਵਪੂਰਨ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਸਫ਼ਲਤਾਪੂਰਵਕ ਘਰ-ਘਰ ਪਹੁੰਚਾਉਣ ਅਤੇ ਲੋਕਾਂ ਉੱਪਰ ਪੈ ਰਹੇ ਇਸਦੇ ਸਾਕਾਰਤਮਕ ਪ੍ਰਭਾਵ ਬਾਰੇ ਚਰਚਾ ਕਰਦਿਆਂ ਅਗਲੀ ਰਣਨੀਤੀ ‘ਤੇ ਵਿਚਾਰ ਕੀਤਾ ਗਿਆ |

ਇਸ ਦੌਰਾਨ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਜਲੰਧਰ ਜ਼ਿਮਨ ਨੂੰ ਲੈ ਕੇ ਮੀਟਿੰਗ ਵਿੱਚ ਹਾਜ਼ਰ ਹੋਏ ਪਾਰਟੀ ਵਰਕਰਾਂ ਵਿੱਚ ਜੋਸ਼ ਭਰਦਿਆਂ, ਉਨ੍ਹਾਂ ਨੂੰ ਆਪੋ ਆਪਣੇ ਵਾਰਡਾਂ ਵਿੱਚ ਵੱਧ-ਚੜ੍ਹ ਕੇ ਮੀਟਿੰਗਾਂ ਕਰਨ, ਹਰ ਘਰ-ਪਰਿਵਾਰ ਤੱਕ ਮਾਨ ਸਰਕਾਰ ਦੇ ਲੋਕ-ਪੱਖੀ ਕੰਮਾਂ ਨੂੰ ਪਹੁੰਚਾਉਣ ਅਤੇ ਉਨ੍ਹਾਂ ਨੂੰ ‘ਆਪ’ ਪਰਿਵਾਰ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਦਿਆਂ ਜ਼ਿਮਨੀ ਚੋਣ ਦੌਰਾਨ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਲਈ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।ਜਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ‘ਆਪ ਦੇ ਮਿਹਨਤੀ ਨੌਜਵਾਨ ਆਗੂ ਅਤੇ ਮੌਜੂਦਾ ਕੌਂਸਲਰ ਦਵਿੰਦਰ ਸਿੰਘ ਰੌਣੀ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ।

ਦੱਸ ਦਈਏ ਕਿ ਸ. ਰੌਣੀ ਨੇ ਜਿੱਥੇ ਆਪਣੀ ਇਮਾਨਦਾਰੀ ਦੇ ਬਲਬੂਤੇ ਕੌਂਸਲਰ ਦੀ ਚੋਣ ਜਿੱਤੀ, ਉੱਥੇ ਉਹ ‘ਆਪ ਦਾ ਹਿੱਸਾ ਹੁੰਦਿਆਂ ਲਗਾਤਾਰ ਆਪਣੀ ਪਾਰਟੀ ਦੀ ਬਿਹਤਰੀ ਲਈ ਚੋਖਾ ਯੋਗਦਾਨ ਪਾ ਰਹੇ ਹਨ। ਇਸੇ ਕਰਕੇ ਸ. ਬਰਸਟ ਨੇ ਕੌਂਸਲਰ ਦਵਿੰਦਰ ਸਿੰਘ ਰੌਣੀ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ (AAP) ਦੀ ਜਿੱਤ ਲਈ ਪਾਏ ਵੱਡਮੁੱਲੇ ਯੋਗਦਾਨ ਅਤੇ ਹਮੇਸ਼ਾ ਇਨਕਲਾਬ ਦਾ ਸਾਥ ਦੇਣ ਲਈ ਜਿੱਥੇ ਉਨ੍ਹਾਂ ਦਾ ਧੰਨਵਾਦ ਕੀਤਾ, ਉੱਥੇ ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਰੌਣੀ ਵਰਗੇ ਕਾਬਿਲ ਨੌਜਵਾਨ ਹੀ ਸਾਡਾ ਭਵਿੱਖ ਹਨ ਅਤੇ ਆਮ ਆਦਮੀ ਪਾਰਟੀ ਵਿੱਚ ਆਪਣੇ ਲੋਕਾਂ ਲਈ ਅਣਥੱਕ ਮਿਹਨਤ ਕਰਨ ਵਾਲੇ ਅਜਿਹੇ ਨੌਜਵਾਨ ਆਗੂਆਂ ਦਾ ਸਦਾ ਸਤਿਕਾਰ ਹੈ।

ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਦੇ ਨਾਲ-ਨਾਲ ਜਲੰਧਰ ਤੋਂ ‘ਆਪ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ, ਵਿਧਾਇਕ ਸੁਰਿੰਦਰ ਸਿੰਘ ਸੋਢੀ, ਕੌਂਸਲਰ ਹਰਚਰਨ ਕੌਰ ਹੈਪੀ, ਤਰਸੇਮ ਲਾਲ ਪ੍ਰਧਾਨ, ਦਫ਼ਤਰ ਇੰਚਾਰਜ ਹਰਭਜਨ ਸਿੰਘ, ਜਗਜੀਤ ਕੌਰ, ਵਿੰਮੀ ਪੂਰੀ, ਮਨਜੀਤ ਕੌਰ, ਵਿੰਕੀ ਸੇਠੀ, ਸੁਭਾਸ਼ ਪ੍ਰਭਾਕਰ, ਇੰਦਰਵਸ਼ ਚੱਢਾ, ਸੋਭਾ ਭਗਤ ਸਮੇਤ ਕਈ ਹੋਰ ਸਤਿਕਾਰਤ ਸੱਜਣ ਅਤੇ ਪਾਰਟੀ ਵਰਕਰ ਵੀ ਮੌਜੂਦ ਸਨ।

Scroll to Top