ਚੰਡੀਗ੍ਹੜ, 17 ਨਵੰਬਰ 2023: ਭਾਰਤ ਦੇ ਸਟਾਰ ਆਲਰਾਊਂਡਰ ਅਤੇ ਟੀ-20 ਕਪਤਾਨ ਹਾਰਦਿਕ ਪੰਡਯਾ (Hardik Pandya) ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੀ ਟੀ-20 ਸੀਰੀਜ਼ ਅਤੇ ਦੱਖਣੀ ਅਫਰੀਕਾ ਦੌਰੇ ‘ਤੇ ਖੇਡੀ ਜਾਣ ਵਾਲੀ ਸਫੇਦ ਗੇਂਦ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ। ਭਾਰਤ ਨੇ 23 ਨਵੰਬਰ ਤੋਂ 3 ਦਸੰਬਰ ਤੱਕ ਆਸਟਰੇਲੀਆ ਦੇ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਹੈ। ਇਸ ਦੇ ਨਾਲ ਹੀ ਟੀਮ ਇੰਡੀਆ 10 ਦਸੰਬਰ ਤੋਂ ਦੱਖਣੀ ਅਫਰੀਕਾ ਦੌਰੇ ‘ਤੇ ਹੋਵੇਗੀ। ਇਸ ਦੌਰੇ ‘ਤੇ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ (Hardik Pandya) ਦੱਖਣੀ ਅਫਰੀਕਾ ਦੌਰੇ ‘ਤੇ ਟੀ-20 ਅਤੇ ਵਨਡੇ ਟੀਮ ਤੋਂ ਬਾਹਰ ਰਹਿ ਸਕਦੇ ਹਨ। ਉਸ ਨੂੰ ਵਿਸ਼ਵ ਕੱਪ ਦੌਰਾਨ ਗਿੱਟੇ ਦੀ ਸੱਟ ਲੱਗ ਗਈ ਸੀ। ਇਸ ਕਾਰਨ ਉਹ ਵਿਸ਼ਵ ਕੱਪ ਦੇ ਵਿਚਾਲੇ ਹੀ ਬਾਹਰ ਹੋ ਗਿਆ ਸੀ। ਉਨ੍ਹਾਂ ਦੀ ਥਾਂ ‘ਤੇ ਪ੍ਰਸਿਧ ਕ੍ਰਿਸ਼ਨ ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਖਬਰਾਂ ਮੁਤਾਬਕ ਉਸ ਦੀ ਸੱਟ ਅਜੇ ਠੀਕ ਨਹੀਂ ਹੋਈ ਹੈ। ਮੈਡੀਕਲ ਟੀਮ ਨੇ ਉਸ ਬਾਰੇ ਫੈਸਲਾ ਲੈਣਾ ਹੈ। ਜਾਣਕਾਰੀ ਮੁਤਾਬਕ ਉਹ ਜਲਦ ਹੀ ਗਿੱਟੇ ਦੀ ਸਰਜਰੀ ਵੀ ਕਰਵਾ ਸਕਦੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਦੌਰਾਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਹਾਰਦਿਕ ਨੂੰ ਚੀਅਰ ਕਰਦੇ ਦੇਖਿਆ ਗਿਆ।