ਐਸ.ਏ.ਐਸ.ਨਗਰ 25 ਅਗਸਤ 2023: ਜ਼ਿਲ੍ਹੇ ’ਚ ਡੇਂਗੂ (Dengue) ਬੁਖ਼ਾਰ ਦੀ ਰੋਕਥਾਮ ਲਈ ਅੱਜ ਵੱਡੇ ਪੱਧਰ ’ਤੇ ਮੁਹਿੰਮ ਚਲਾਉਂਦਿਆਂ ਜ਼ਿਲ੍ਹੇ ਦੇ ਸਾਰੇ ਸੀਨੀਅਰ ਸਿਹਤ ਅਧਿਕਾਰੀ ਮੈਦਾਨ ’ਚ ਉਤਰੇ ਅਤੇ ਸਵੇਰੇ 9 ਵਜੇ ਤੋਂ 10 ਵਜੇ ਤਕ ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਜਾਂਚ, ਸਪਰੇਅ ਅਤੇ ਜਾਗਰੂਕਤਾ ਮੁਹਿੰਮ ਦਾ ਨਿਰੀਖਣ ਕੀਤਾ।
ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਡੇਂਗੂ ਲਈ ਜ਼ਿੰਮੇਵਾਰ ਮੱਛਰ ਦੇ ਖ਼ਾਤਮੇ ਦੇ ਮੰਤਵ ਨਾਲ ਅੱਜ ਜ਼ਿਲ੍ਹਾ ਪੱਧਰੀ ਜਾਂਚ ਮੁਹਿੰਮ ਚਲਾਈ ਗਈ ਅਤੇ ਜਾਂਚ ਦੇ ਕੰਮ ਦੇ ਮੁਆਇਨੇ ਦੇ ਨਾਲ-ਨਾਲ ਹੇਠਲੇ ਸਟਾਫ਼ ਨੂੰ ਹਦਾਇਤਾਂ ਦਿਤੀਆਂ ਗਈਆਂ ਕਿ ਜ਼ਿਲ੍ਹੇ ਨੂੰ ਡੇਂਗੂ-ਮੁਕਤ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਡੇਂਗੂ ਫੈਲਾਉਣ ਵਾਲੇ ਮੱਛਰ ’ਤੇ ਜ਼ੋਰਦਾਰ ਹੱਲਾ ਬੋਲ ਦਿਤਾ ਹੈ ਤੇ ਇਸ ਦੇ ਖ਼ਾਤਮੇ ਲਈ ਜ਼ਿਲ੍ਹੇ ਦੇ ਲੋਕਾਂ ਦਾ ਸਹਿਯੋਗ ਅਤਿ ਲੋੜੀਂਦਾ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਜਾਂਚ, ਸਪਰੇਅ ਅਤੇ ਜਾਗਰੂਕਤਾ ਮੁਹਿੰਮ ਜਨਵਰੀ ਮਹੀਨੇ ਤੋਂ ਲਗਾਤਾਰ ਚਲਾਈ ਜਾ ਰਹੀ ਹੈ ਤੇ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਹਰ ਸ਼ੁੱਕਰਵਾਰ ਨੂੰ ਸਾਰੇ ਸੀਨੀਅਰ ਸਿਹਤ ਅਧਿਕਾਰੀ ਮੈਦਾਨ ’ਚ ਡਟਣਗੇ। ਜ਼ਿਕਰਯੋਗ ਹੈ ਕਿ ਸਿਹਤ ਵਰਕਰਾਂ ਦੀਆਂ ਟੀਮਾਂ ਘਰਾਂ ਅਤੇ ਹੋਰ ਥਾਈਂ ਜਾ ਕੇ ਕੂਲਰਾਂ, ਫ਼ਰਿੱਜਾਂ ਦੀਆਂ ਟਰੇਆਂ, ਗਮਲਿਆਂ, ਖ਼ਾਲੀ ਪਏ ਟਾਇਰਾਂ, ਬਕਸਿਆਂ ਤੇ ਹੋਰ ਸਮਾਨ ਦੀ ਲਗਾਤਾਰ ਜਾਂਚ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਡੇਂਗੂ (Dengue) ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵੀ ਜਾਣਕਾਰੀ ਦੇ ਰਹੀਆਂ ਹਨ।
ਡਾ. ਮਹੇਸ਼ ਕੁਮਾਰ ਨੇ ਦਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਜੇ ਕੋਈ ਸ਼ੱਕੀ ਡੇਂਗੂ ਪੀੜਤ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫ਼ਤ ਹੁੰਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਦੇ ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ ਸਮੇਤ ਹੋਰ ਅਧਿਕਾਰੀਆਂ ਨੇ ਆਪੋ-ਆਪਣੇ ਖੇਤਰਾਂ ’ਚ ਦੌਰੇ ਕੀਤੇ।