ਚੰਡੀਗੜ੍ਹ, 14 ਜੁਲਾਈ 2023: ਰਾਜਸਥਾਨ ਦੇ ਹਨੂੰਮਾਨਗੜ੍ਹ (Hanumangarh) ’ਚੋਂ ਲੰਘਦੇ ਘੱਗਰ ਦਰਿਆ ’ਚ ਪਾਣੀ ਦੇ ਤੇਜ਼ ਵਹਾਅ ਕਾਰਨ ਹੜ੍ਹਾਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਘੱਗਰ ‘ਚ ਪਾਣੀ ਦੇ ਤੇਜ਼ ਵਹਾਅ ਦੇ ਮੱਦੇਨਜ਼ਰ ਸ਼ਨੀਵਾਰ ਤੋਂ ਹਨੂੰਮਾਨਗੜ੍ਹ, ਟਿੱਬੀ, ਪੀਲੀਬੰਗਾ ਦੇ ਸਕੂਲਾਂ ‘ਚ ਅਣਮਿੱਥੇ ਸਮੇਂ ਲਈ ਛੁੱਟੀ ਰਹੇਗੀ। ਇਸ ਮਾਮਲੇ ‘ਚ ਸ਼ੁੱਕਰਵਾਰ ਨੂੰ ਜ਼ਿਲਾ ਕੁਲੈਕਟਰ ਰੁਕਮਣੀ ਰਿਆਰ ਸਿਹਾਗ ਦੀ ਤਰਫੋਂ ਹੁਕਮ ਜਾਰੀ ਕੀਤੇ ਗਏ ਹਨ।
ਸ਼ੁੱਕਰਵਾਰ ਸਵੇਰੇ ਹਰਿਆਣਾ ਦੇ ਔਟੂ ਹੈੱਡ ‘ਤੇ ਅੱਪ ਸਟ੍ਰੀਮ ‘ਚ 20 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ, ਜਿਸ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਔਟੂ ਹੈੱਡ ਤੋਂ 17,000 ਕਿਊਸਿਕ ਪਾਣੀ ਛੱਡਿਆ ਗਿਆ ਹੈ । ਇਹ ਵਾਧੂ ਪਾਣੀ ਸ਼ੁੱਕਰਵਾਰ ਸ਼ਾਮ ਤੱਕ ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਪਹੁੰਚ ਗਿਆ। ਪ੍ਰਸ਼ਾਸਨ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਔਟੂ ਹੈੱਡ ਤੋਂ 20,000 ਕਿਊਸਿਕ ਤੋਂ ਵੱਧ ਪਾਣੀ ਛੱਡੇ ਜਾਣ ਦੀ ਸੰਭਾਵਨਾ ਜਤਾਈ ਹੈ। ਗੁੱਲਾਚਿੱਕਾ ਹੈੱਡ ‘ਤੇ ਸ਼ੁੱਕਰਵਾਰ ਸਵੇਰੇ ਓਵਰਫਲੋ ਪਾਣੀ ਚੱਲ ਰਿਹਾ ਸੀ। ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਰਾਹਤ ਕੇਂਦਰ, ਖਾਣੇ ਦਾ ਪ੍ਰਬੰਧ, ਸਫਾਈ, ਮੈਡੀਕਲ ਸਮੇਤ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਜ਼ਿਲ੍ਹਾ ਕੁਲੈਕਟਰ ਰੁਕਮਣੀ ਸਿਹਾਗ ਨੇ ਕਿਹਾ ਕਿ ਘੱਗਰ ਵਿੱਚ ਜ਼ਿਆਦਾ ਪਾਣੀ ਆਉਣ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਪੁਲਿਸ ਚੌਕਸ ਹੈ। ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹਰਿਆਣਾ-ਪੰਜਾਬ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹਰ 3 ਘੰਟੇ ਬਾਅਦ ਪਾਣੀ ਦੀ ਸਥਿਤੀ ਬਾਰੇ ਜਾਣਕਾਰੀ ਲਈ ਜਾ ਰਹੀ ਹੈ।
ਹੜ੍ਹ ਦੀ ਸੰਭਾਵਨਾ ਕਾਰਨ ਲਾਲਗੜ੍ਹ ਤੋਂ ਫੌਜ ਦੀ ਟੁਕੜੀ ਨੇ ਦੋ ਦਿਨਾਂ ਤੋਂ ਹਨੂੰਮਾਨਗੜ੍ਹ ਵਿੱਚ ਡੇਰਾ ਲਾ ਕੇ ਮੋਰਚਾ ਸੰਭਾਲ ਲਿਆ ਹੈ। ਫੌਜ ਤੋਂ ਇਲਾਵਾ SDRF ਅਤੇ NDRF ਦੀਆਂ ਟੀਮਾਂ ਨੂੰ ਵੀ ਹਨੂੰਮਾਨਗੜ੍ਹ (Hanumangarh) ਸੱਦਿਆ ਗਿਆ ਹੈ। ਐਸਡੀਆਰਐਫ ਇੰਸਪੈਕਟਰ ਕਿਸ਼ਨਰਾਮ ਦੀ ਅਗਵਾਈ ਵਿੱਚ ਜ਼ਿਲ੍ਹੇ ਵਿੱਚ ਐਸਡੀਆਰਐਫ ਦੀਆਂ 6 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜੈਪੁਰ ਅਤੇ ਅਜਮੇਰ ਤੋਂ ਦੋ ਟੀਮਾਂ ਨੂੰ ਸੱਦੀਆਂ ਹਨ। NDRF ਦੀ 1 ਟੀਮ ਕੰਮ ਕਰ ਰਹੀ ਹੈ ਜਦਕਿ 2 ਟੀਮਾਂ ਸਟੈਂਡਬਾਏ ‘ਤੇ ਹਨ। ਲੋੜ ਪੈਣ ’ਤੇ ਇਹ ਟੀਮਾਂ ਤੁਰੰਤ ਮੌਕੇ ’ਤੇ ਪੁੱਜਣਗੀਆਂ। ਪ੍ਰਸ਼ਾਸਨ ਵੱਲੋਂ ਇਲਾਕੇ ਦੀ ਭੂਗੋਲਿਕ ਸਥਿਤੀ ਦਾ ਨਿਰੀਖਣ ਕਰਨ ਲਈ ਇਹ ਟੀਮਾਂ ਬਣਾਈਆਂ ਜਾ ਰਹੀਆਂ ਹਨ।