July 3, 2024 11:31 am
Israel

Hamas-Israel: ਇਜ਼ਰਾਈਲ ਨੂੰ ਹਥਿਆਰ ਅਤੇ ਹੋਰ ਸੁਰੱਖਿਆ ਸਹਾਇਤਾ ਭੇਜੇਗਾ ਅਮਰੀਕਾ

ਚੰਡੀਗੜ੍ਹ, 19 ਅਕਤੂਬਰ 2023: ਇਜ਼ਰਾਈਲ (Israel) ਅਤੇ ਹਮਾਸ ਵਿਚਾਲੇ ਕਾਫ਼ੀ ਦਿਨਾਂ ਤੋਂ ਚੱਲ ਰਿਹਾ ਸੰਘਰਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਾਂਤੀ ਪਹਿਲਕਦਮੀ ਤੋਂ ਪਹਿਲਾਂ ਮੰਗਲਵਾਰ ਨੂੰ ਗਾਜ਼ਾ ਦੇ ਇਕ ਹਸਪਤਾਲ ‘ਤੇ ਹੋਏ ਹਮਲੇ ਨਾਲ ਸਥਿਤੀ ਵਿਗੜ ਗਈ ਹੈ, ਜਿਸ ਵਿਚ 500 ਤੋਂ ਵੱਧ ਜਣਿਆਂ ਦੀ ਮੌਤ ਹੋ ਗਈ । ਇਸ ਦੌਰਾਨ ਵੀਰਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਵੀ ਨੇਤਨਯਾਹੂ ਨਾਲ ਮੁਲਾਕਾਤ ਕਰ ਚੁੱਕੇ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਜ਼ਰਾਈਲ (Israel) ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰਾਸ਼ਟਰਪਤੀ ਇਸਹਾਕ ਹਰਜੋਗ ਨਾਲ ਮੁਲਾਕਾਤ ਲਈ ਵੀਰਵਾਰ ਸਵੇਰੇ ਇਜ਼ਰਾਈਲ ਪਹੁੰਚੇ। ਮੀਟਿੰਗ ਦੌਰਾਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਹਮਾਸ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਅਤੇ ਇਜ਼ਰਾਈਲ ਅਤੇ ਗਾਜ਼ਾ ਵਿੱਚ ਜਾਨ-ਮਾਲ ਦੇ ਭਿਆਨਕ ਨੁਕਸਾਨ ਲਈ ਸੋਗ ਪ੍ਰਗਟ ਕੀਤਾ।

ਹਮਾਸ ਦੇ ਹਮਲਿਆਂ ਤੋਂ ਬਾਅਦ ਬ੍ਰਿਟੇਨ ਨੇ ਇਜ਼ਰਾਈਲ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਸੁਨਕ ਸਰਕਾਰ ਨੇ ਐਲਾਨ ਕੀਤਾ ਹੈ ਕਿ ਫਲਸਤੀਨੀਆਂ ਲਈ ਬ੍ਰਿਟੇਨ ਦੀ ਮਾਨਵਤਾਵਾਦੀ ਸਹਾਇਤਾ ਵਿੱਚ ਵਾਧਾ ਕੀਤਾ ਜਾਵੇਗਾ। ਇਸ ਦੌਰਾਨ, ਡਾਊਨਿੰਗ ਸਟ੍ਰੀਟ ਦਾ ਕਹਿਣਾ ਹੈ ਕਿ ਸੁਨਕ ਕਈ ਹੋਰ ਖੇਤਰੀ ਰਾਜਧਾਨੀਆਂ ਦਾ ਵੀ ਦੌਰਾ ਕਰਨਗੇ ।

ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਜੰਗ ਸ਼ੁਰੂ ਹੁੰਦੇ ਹੀ ਇਜ਼ਰਾਈਲ (Israel) ਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਇਜ਼ਰਾਇਲੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਮਰੀਕਾ ਆਪਣੇ ਹਜ਼ਾਰਾਂ ਸੈਨਿਕਾਂ ਨੂੰ ਇਜ਼ਰਾਈਲ ਭੇਜੇਗਾ, ਜਿਸ ਨਾਲ ਖੇਤਰ ਵਿਚ ਫੌਜੀ ਸ਼ਕਤੀ ਵਿਚ ਕਾਫੀ ਵਾਧਾ ਹੋਵੇਗਾ। ਇਨ੍ਹਾਂ ਵਿੱਚ ਦੋ ਯੂਐਸ ਏਅਰਕ੍ਰਾਫਟ ਕੈਰੀਅਰਜ਼ ਅਤੇ ਉਨ੍ਹਾਂ ਨਾਲ ਜੁੜੇ ਐਸਕੋਰਟ ਜਹਾਜ਼ਾਂ ਦੀ ਤਾਇਨਾਤੀ ਸ਼ਾਮਲ ਹੈ, ਜੋ ਲਗਭਗ 15,000 ਸੈਨਿਕਾਂ ਨੂੰ ਲੈ ਕੇ ਜਾਣਗੇ।

ਰਿਪੋਰਟਾਂ ਦੇ ਅਨੁਸਾਰ, ਲਗਭਗ 4,000 ਮਰੀਨ ਅਤੇ ਮਲਾਹਾਂ ਦੀ ਇੱਕ ਟਾਸਕ ਫੋਰਸ ਤਾਇਨਾਤ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਲਗਭਗ 2,000 ਸਹਾਇਕ ਸੈਨਿਕਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਦਿਨਾਂ ਦੇ ਅੰਦਰ ਛੱਡਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਅਮਰੀਕੀ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਫੌਜ ਇਜ਼ਰਾਈਲ ਨੂੰ ਹਥਿਆਰ ਅਤੇ ਹੋਰ ਸੁਰੱਖਿਆ ਸਹਾਇਤਾ ਭੇਜ ਰਹੀ ਹੈ। ਅਮਰੀਕਾ ਨੇ ਇਜ਼ਰਾਈਲ ਦੇ ਆਇਰਨ ਡੋਮ ਏਅਰ-ਡਿਫੈਂਸ ਸਿਸਟਮ, ਛੋਟੇ ਆਕਾਰ ਦੇ ਬੰਬਾਂ ਅਤੇ ਹੋਰ GPS-ਗਾਈਡਿਡ ਹਥਿਆਰਾਂ ਲਈ ਹੋਰ ਮਿਜ਼ਾਈਲ ਇੰਟਰਸੈਪਟਰਾਂ ਦੀ ਡਿਲੀਵਰੀ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ਅਮਰੀਕਾ ਨੇ ਗਾਜ਼ਾ ਅਤੇ ਵੈਸਟ ਬੈਂਕ ਲਈ 100 ਮਿਲੀਅਨ ਡਾਲਰ (ਕਰੀਬ 883 ਕਰੋੜ ਰੁਪਏ) ਦੇ ਨਵੇਂ ਫੰਡ ਦਾ ਵੀ ਐਲਾਨ ਕੀਤਾ ਹੈ। ਬਾਈਡਨ ਨੇ ਕਿਹਾ ਕਿ ਉਹ ਅਮਰੀਕੀ ਕਾਂਗਰਸ ਤੋਂ ਲਗਭਗ $100 ਬਿਲੀਅਨ (ਲਗਭਗ 88,300 ਕਰੋੜ ਰੁਪਏ) ਦੀ ਪੂਰਕ ਰਕਮ ਦੀ ਬੇਨਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਇਜ਼ਰਾਈਲ ਅਤੇ ਯੂਕਰੇਨ ਲਈ ਰੱਖਿਆ ਸਹਾਇਤਾ ਸ਼ਾਮਲ ਹੋਵੇਗੀ।