ਲੁਧਿਆਣਾ, 31 ਮਾਰਚ 2026: ਹਲਵਾਰਾ ਏਅਰਪੋਰਟ ਦੀ ਸ਼ੁਰੂਆਤ ਹੋਣ ਨਾਲ ਆਉਣ-ਜਾਣ ਆਲੇ ਯਾਤਰੀਆਂ ਨੂੰ ਕਾਫ਼ੀ ਰਾਹਤ ਮਿਲੇਗੀ | ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹਲਵਾਰਾ ਏਅਰਪੋਰਟ ਦਾ ਸ਼ੁਰੂ ਹੋਣਾ ਮਹਿਜ਼ ਇੱਕ ਉਦਘਾਟਨ ਨਹੀਂ ਹੈ, ਸਗੋਂ ਪੰਜਾਬ ਸਰਕਾਰ ਦੀ ਕੰਮਕਾਜੀ ਨੂੰ ਵੀ ਦਰਸਾਉਂਦਾ ਹੈ |
‘ਆਪ’ ਸਰਕਾਰ ਮੁਤਾਬਕ 1990 ਤੋਂ ਲਟਕਦਾ ਆ ਰਿਹਾ ਇਹ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਲਈ ਸਿਰਫ਼ ਚੋਣਾਂ ਵੇਲੇ ਕੀਤਾ ਜਾਣ ਵਾਲਾ ਵਾਅਦਾ ਬਣਿਆ ਰਿਹਾ, ਪਰ ਭਗਵੰਤ ਸਿੰਘ ਮਾਨ ਸਰਕਾਰ ਨੇ ਇਸਨੂੰ ‘ਪ੍ਰੋਜੈਕਟ ਆਫ਼ ਪ੍ਰਾਈਡ’ ਮੰਨਿਆ। ਸਰਕਾਰ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਨਿੱਜੀ ਨਿਗਰਾਨੀ ਅਤੇ ਏਅਰ ਇੰਡੀਆ ਤੇ ਸਿਵਲ ਏਵੀਏਸ਼ਨ ਮੰਤਰਾਲੇ ਨਾਲ ਹੋਈਆਂ ਦਰਜਨਾਂ ਬੈਠਕਾਂ ਨੇ ਉਸ ਰੁਕਾਵਟ ਨੂੰ ਦੂਰ ਕੀਤਾ, ਜੋ ਕਿ 30 ਸਾਲਾਂ ਤੋਂ ਲੁਧਿਆਣੇ ਦੀ ਤਰੱਕੀ ਰੋਕ ਰਹੀ ਸੀ। ਅੱਜ ਹਲਵਾਰੇ ਏਅਰਪੋਰਟ ਦਾ ਰਨਵੇ ਤਿਆਰ ਹੈ ਅਤੇ ਇਹ ਲੁਧਿਆਣੇ ਦੀ ਇੰਡਸਟਰੀ ਲਈ ਦੁਨੀਆ ਵੱਲ ਇੱਕ ਨਵਾਂ ਰਾਹ ਖੋਲ੍ਹੇਗਾ |
ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣੇ ਨੂੰ ਦਹਾਕਿਆਂ ਤੋਂ ਇੱਕ ਅੰਤਰਰਾਸ਼ਟਰੀ ਪੱਧਰ ਦੇ ਏਅਰਪੋਰਟ ਦੀ ਲੋੜ ਸੀ। ਸਰਕਾਰ ਮੁਤਾਬਕ ਹਲਵਾਰਾ ਏਅਰਪੋਰਟ ਦਾ ਵਿਚਾਰ 30 ਸਾਲ ਪੁਰਾਣਾ ਹੈ, ਪਰ ਇਹ ਫ਼ਾਇਲਾਂ ‘ਚੋਂ ਬਾਹਰ ਉਦੋਂ ਨਿਕਲਿਆ ਜਦੋਂ 22 ਨਵੰਬਰ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਇਸ ਪ੍ਰੋਜੈਕਟ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ 11 ਦਸੰਬਰ 2022 ਨੂੰ ਤੁਰੰਤ 50 ਕਰੋੜ ਰੁਪਏ ਜਾਰੀ ਕੀਤੇ ਤਾਂ ਜੋ ਰੁਕਿਆ ਹੋਇਆ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋ ਸਕੇ। ਇਹ ਪੰਜਾਬ ਸਰਕਾਰ ਨੇ ‘ਡੈੱਡ ਪ੍ਰੋਜੈਕਟ’ ‘ਚ ਜਾਨ ਪਾਈ।
ਮਾਨ ਸਰਕਾਰ ਮੁਤਾਬਕ ਇਸ ਪ੍ਰੋਜੈਕਟ ਨੂੰ ਹਕੀਕਤ ਬਣਾਉਣ ‘ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਰੋਲ ਸਭ ਤੋਂ ਅਹਿਮ ਰਿਹਾ। ਅਗਸਤ 2023 ਤੋਂ ਲੈ ਕੇ ਜਨਵਰੀ 2026 ਤੱਕ, ਉਨ੍ਹਾਂ ਨੇ ਟਾਟਾ ਸਨਸ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਅਤੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਬੈਠਕਾਂ ਕੀਤੀਆਂ। ਇਸਦਾ ਸਭ ਤੋਂ ਵੱਡਾ ਸਬੂਤ 4 ਫ਼ਰਵਰੀ 2025 ਨੂੰ ਮਿਲਿਆ, ਜਦੋਂ ਹਲਵਾਰੇ ਨੂੰ ਆਪਣਾ ਅਧਿਕਾਰਤ ਏਅਰਪੋਰਟ ਕੋਡ ‘HWR’ ਮਿਲਿਆ। ਇਹ ਕੋਡ ਮਿਲਣਾ ਇਸ ਗੱਲ ਦੀ ਪੁਸ਼ਟੀ ਸੀ ਕਿ ਹੁਣ ਹਲਵਾਰਾ ਕਾਗਜ਼ਾਂ ’ਤੇ ਨਹੀਂ, ਸਗੋਂ ਦੁਨੀਆ ਦੇ ਹਵਾਈ ਨਕਸ਼ੇ ’ਤੇ ਆ ਗਿਆ ਹੈ।
ਹੁਣ ਤੱਕ ਲੁਧਿਆਣੇ ਦੇ ਕਾਰੋਬਾਰੀਆਂ ਨੂੰ ਦਿੱਲੀ ਜਾਣ ਲਈ ਸੜਕ ਰਾਹੀਂ 5 ਤੋਂ 6 ਘੰਟੇ ਲੱਗਦੇ ਸਨ, ਪਰ ਹੁਣ ਇਹ ਸਫ਼ਰ ਸਿਰਫ਼ 60 ਮਿੰਟਾਂ ਦਾ ਰਹਿ ਗਿਆ ਹੈ। ਏਅਰ ਇੰਡੀਆ ਨੇ ਹਫ਼ਤੇ ਦੇ ਸੱਤੇ ਦਿਨ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ, ਜੋ ਲੁਧਿਆਣੇ ਦੀ ₹50,000 ਕਰੋੜ ਦੀ ਹੌਜ਼ਰੀ ਅਤੇ ਸਾਈਕਲ ਇੰਡਸਟਰੀ ਲਈ ਗੇਮ-ਚੇਂਜਰ ਸਾਬਤ ਹੋਵੇਗੀ। ਇਹ ਸਿੱਧੀ ਕਨੈਕਟੀਵਿਟੀ ਵਿਦੇਸ਼ੀ ਨਿਵੇਸ਼ਕਾਂ ਨੂੰ ਲੁਧਿਆਣੇ ਵੱਲ ਖਿੱਚਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ।
ਪ੍ਰੋਜੈਕਟ ਦੇ ਆਖ਼ਰੀ ਪੜਾਵਾਂ ‘ਚ ਪੰਜਾਬ ਸਰਕਾਰ ਨੇ ਜਿਸ ਤੇਜ਼ੀ ਨਾਲ ਕੰਮ ਕੀਤਾ, 15 ਜਨਵਰੀ 2026 ਨੂੰ ਅੰਤਿਮ ਸੁਰੱਖਿਆ ਆਡਿਟ (BCAS) ਮੁਕੰਮਲ ਕੀਤਾ ਗਿਆ ਅਤੇ ਤਕਨੀਕੀ ਅੜਚਣਾਂ ਦੂਰ ਕਰਕੇ 1 ਫ਼ਰਵਰੀ 2026 ਨੂੰ ਇਸ ਆਧੁਨਿਕ ਟਰਮੀਨਲ ਦਾ ਉਦਘਾਟਨ ਯਕੀਨੀ ਕੀਤਾ ਗਿਆ।
Read More: ਸੀਟੀ ਯੂਨੀਵਰਸਿਟੀ ਵੱਲੋਂ ਅਲਟ੍ਰਾਟੈਕ ਸੀਮੈਂਟ ਸੈਂਟਰ ਆਫ ਐਕਸੀਲੈਂਸ ਦੀ ਸ਼ੁਰੂਆਤ




