July 5, 2024 6:05 am
Gyanvapi

ਗਿਆਨਵਾਪੀ ਪਰਿਸਰ ‘ਚ ਹੋਵੇਗਾ ASI ਦਾ ਸਰਵੇ, ਜ਼ਿਲ੍ਹਾ ਅਦਾਲਤ ‘ਚ ਹਿੰਦੂ ਪੱਖ ਦੀ ਅਰਜ਼ੀ ਮਨਜ਼ੂਰ

ਚੰਡੀਗੜ੍ਹ, 21 ਜੁਲਾਈ 2023: ਗਿਆਨਵਾਪੀ (Gyanvapi) ਮਾਮਲੇ ‘ਚ ਭਾਰਤੀ ਪੁਰਾਤੱਤਵ ਸਰਵੇਖਣ (Archaeological Survey of India) ਦੇ ਸਰਵੇ ਦੀ ਇਜਾਜ਼ਤ ਦਿੱਤੀ ਗਈ ਹੈ। ਵਾਰਾਣਸੀ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ- ਵਿਵਾਦਿਤ ਹਿੱਸੇ ਨੂੰ ਛੱਡ ਕੇ ਬਾਕੀ ਪਰਿਸਰ ਦਾ ਸਰਵੇਖਣ ਕੀਤਾ ਜਾਵੇਗਾ। ਇਹ ਫੈਸਲਾ ਦਿੰਦੇ ਹੋਏ ਵਾਰਾਣਸੀ ਦੀ ਅਦਾਲਤ ਨੇ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪਰਿਸਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਗਿਆਨਕ ਸਰਵੇਖਣ ਕੀਤਾ ਜਾਵੇ। ਏਐਸਆਈ ਨੂੰ ਆਪਣੀ ਰਿਪੋਰਟ 4 ਅਗਸਤ ਤੱਕ ਅਦਾਲਤ ਨੂੰ ਸੋਂਪੀ ਜਾਵੇ।

ਮੁਸਲਿਮ ਪੱਖ ਨੇ ਸਰਵੇਖਣ ‘ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ। 14 ਜੁਲਾਈ ਨੂੰ ਜ਼ਿਲ੍ਹਾ ਜੱਜ ਡਾਕਟਰ ਅਜੇ ਕ੍ਰਿਸ਼ਨ ਵਿਸ਼ਵੇਸ਼ ਨੇ ਕਰੀਬ ਡੇਢ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਿੰਦੂ ਪੱਖ ਦੇ ਚਾਰ ਵਕੀਲਾਂ ਰੇਖਾ ਪਾਠਕ, ਮੰਜੂ ਵਿਆਸ, ਲਕਸ਼ਮੀ ਦੇਵੀ ਅਤੇ ਸੀਤਾ ਸਾਹੂ ਦੀ ਤਰਫੋਂ 16 ਮਈ ਨੂੰ ਅਦਾਲਤ ਵਿੱਚ ਇੱਕ ਅਰਜ਼ੀ ਦਿੱਤੀ ਗਈ ਸੀ। ਇਸ ਵਿਚ ਕਿਹਾ ਗਿਆ ਸੀ ਕਿ ਗਿਆਨਵਾਪੀ (Gyanvapi) ਵਿਚ ਸੀਲ ਕੀਤੇ ਵਜੂਖਾਨਾ ਨੂੰ ਛੱਡ ਕੇ ਬਾਕੀ ਖੇਤਰ ਦਾ ਏਐਸਆਈ ਦੁਆਰਾ ਰਾਡਾਰ ਤਕਨੀਕ ਨਾਲ ਸਰਵੇਖਣ ਕੀਤਾ ਜਾਵੇ। 19 ਮਈ ਨੂੰ ਅੰਜੁਮਨ ਇੰਤੇਜ਼ਾਮੀਆ ਮਸਜਿਦ ਕਮੇਟੀ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ। 14 ਜੁਲਾਈ ਨੂੰ ਸੁਣਵਾਈ ਪੂਰੀ ਹੋ ਗਈ ਸੀ। ਅਦਾਲਤ ਨੇ ਫਿਰ ਹੁਕਮ ਲਈ ਫਾਈਲ ਰਾਖਵੀਂ ਰੱਖਦੇ ਹੋਏ ਸੁਣਵਾਈ ਲਈ 21 ਮਈ ਦੀ ਤਾਰੀਖ਼ ਤੈਅ ਕੀਤੀ ਸੀ ।

ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਅਰਜ਼ੀ ਪ੍ਰਵਾਨ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਿੰਦੂ ਧਿਰ ਨੇ ਇਸ ਨੂੰ ਵੱਡੀ ਜਿੱਤ ਕਰਾਰ ਦਿੱਤਾ ਹੈ। ਹਿੰਦੂ ਪੱਖ ਦੇ ਵਕੀਲਾਂ ਦਾ ਤਰਕ ਹੈ ਕਿ ਸਰਵੇਖਣ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਗਿਆਨਵਾਪੀ ਦੀ ਅਸਲੀਅਤ ਕੀ ਹੈ। ਸਰਵੇਖਣ ਦੌਰਾਨ ਪੱਥਰਾਂ, ਮੂਰਤੀਆਂ, ਕੰਧਾਂ ਅਤੇ ਹੋਰ ਉਸਾਰੀਆਂ ਦੀ ਉਮਰ ਬਿਨਾਂ ਕਿਸੇ ਨੁਕਸਾਨ ਦੇ ਜਾਣੀ ਜਾਵੇਗੀ। ਦੂਜੇ ਪਾਸੇ ਵਿਰੋਧੀ ਧਿਰ ਅੰਜੁਮਨ ਇੰਤੇਜ਼ਾਮੀਆ ਮਸਜਿਦ ਕਮੇਟੀ ਨੇ ਸਰਵੇਖਣ ਕਰਵਾਉਣ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ।